ਪਠਾਨਕੋਟ ਏਅਰਬੇਸ ’ਤੇ ਅਤਿਵਾਦੀ ਹਮਲਾ: ਐਨਆਈਏ ਵੱਲੋਂ ਮੁਹਾਲੀ ਅਦਾਲਤ ਨੂੰ ਸੌਂਪੀ 39 ਸਰਕਾਰੀ ਗਵਾਹਾਂ ਦੀ ਸੂਚੀ

ਜ਼ਿਲ੍ਹਾ ਅਦਾਲਤ ਵੱਲੋਂ ਕਰਨਲ ਵਿਮਲ ਕਾਂਤ ਨੂੰ ਗਵਾਹੀ ਲਈ 2 ਮਈ ਲਈ ਸੰਮਨ ਜਾਰੀ

ਮਸੂਦ ਅਜ਼ਹਰ ਸਣੇ ਚਾਰ ਭਗੌੜੇ ਅਤਿਵਾਦੀ ਐਨਆਈਏ ਦੀ ਗ੍ਰਿਫ਼ਤ ਤੋਂ ਬਾਹਰ, ਪਾਕਿਸਤਾਨ ਵਿੱਚ ਛੁਪੇ ਹੋਣ ਜਾਂ ਵਿਦੇਸ਼ ਦੌੜ ਜਾਣ ਦੀ ਸੰਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਜ਼ਿਲ੍ਹਾ ਪਠਾਨਕੋਟ ਵਿੱਚ ਏਅਰਬੇਸ ਉੱਤੇ ਪਿਛਲੇ ਸਾਲ 2 ਜਨਵਰੀ 2016 ਨੂੰ ਹੋਏ ਪਾਕਿਸਤਾਨੀ ਅਤਿਵਾਦੀ ਹਮਲੇ ਦੇ ਮਾਮਲੇ ਦੀ ਸੁਣਵਾਈ ਅੱਜ ਐਨਆਈਏ ਦੀ ਮੁਹਾਲੀ ਸਥਿਤ ਵਿਸ਼ੇਸ਼ ਜ਼ਿਲ੍ਹਾ ਅਦਾਲਤ ਵਿੱਚ ਹੋਈ। ਇਸ ਸਬੰਧੀ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਦੇ ਸਰਕਾਰੀ ਵਕੀਲ ਸੁਰਿੰਦਰ ਸਿੰਘ ਅਤੇ ਏਐਸਪੀ ਵੀ ਸ੍ਰੀ ਵਾਸਤਿਵਾ ਨੇ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਵਿੱਚ 39 ਸਰਕਾਰੀ ਗਵਾਹਾਂ ਦੀ ਸੂਚੀ ਪੇਸ਼ ਕੀਤੀ। ਹਾਲਾਂਕਿ ਇਹ ਸੂਚੀ ਜਨਤਕ ਨਹੀਂ ਕੀਤੀ ਗਈ ਹੈ। ਉਂਜ ਇਨ੍ਹਾਂ ’ਚੋਂ ਇੱਕ ਗਵਾਹ ਕਰਨਲ ਵਿਮਲ ਕਾਂਤ ਨੂੰ 2 ਮਈ ਲਈ ਸੰਮਨ ਜਾਰੀ ਕਰਕੇ ਆਪਣੀ ਗਵਾਹੀ ਦੇਣ ਲਈ ਤਬਲ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਫਿਲਹਾਲ ਸਿਰਫ਼ ਇੱਕ ਗਵਾਹ ਨੂੰ ਇਸ ਕਰਕੇ ਸੱਦਿਆ ਗਿਆ ਹੈ ਕਿਉਂਕਿ ਘਟਨਾ ਸਬੰਧੀ ਡਿਟੇਲ ਵਿੱਚ ਬਿਆਨ ਲਿਖੇ ਜਾਣੇ ਹਨ ਅਤੇ ਇਸ ਕੰਮ ਨੂੰ ਕਾਫੀ ਸਮਾਂ ਲੱਗ ਸਕਦਾ ਹੈ।
ਉਧਰ, ਜ਼ਿਲ੍ਹਾ ਅਦਾਲਤ ਵੱਲੋਂ ਪਿਛਲੀ ਪੇਸ਼ੀ ’ਤੇ ਭਗੌੜਾ ਮੁਲਜ਼ਮ ਕਰਾਰ ਦਿੰਦੇ ਪਾਕਿਸਤਾਨ ਅਤਿਵਾਦੀ ਸੰਗਠਨ ਜੈਸ-ਏ-ਮੁਹੰਮਦ ਦੇ ਚੀਫ਼ ਮੌਲਾਨਾ ਮਸੂਦ ਅਜ਼ਹਰ ਸਮੇਤ ਉਸ ਦੇ ਛੋਟੇ ਭਰਾ ਤੇ ਜਥੇਬੰਦੀ ਦੇ ਲਾਚਿੰਗ ਕਮਾਂਡਰ ਸ਼ਾਹਿਦ ਲਤੀਫ਼, ਡਿਪਟੀ ਚੀਫ਼ ਮੁਫ਼ਤੀ ਅਬਦੁਲ ਰੋਫ ਅਸਗਰ ਅਤੇ ਇਸ ਹਮਲੇ ਦੇ ਮੁੱਖ ਹੈਂਡਲਰ ਕਾਸਿਫ ਜਹਾਂ ਹਾਲੇ ਤੱਕ ਐਨਆਈਏ ਦੀ ਗ੍ਰਿਫ਼ਤ ਤੋਂ ਬਾਹਰ ਹਨ। ਨੈਸ਼ਨਲ ਜਾਂਚ ਏਜੰਸੀ ਵੱਲੋਂ ਬੀਤੀ 19 ਦਸੰਬਰ ਨੂੰ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪਹਿਲਾਂ ਹੀ ਐਸਪੀ ਸਲਵਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ। ਸੂਤਰਾਂ ਅਨੁਸਾਰ ਐਸਪੀ ਨੂੰ ਇਸ ਮਾਮਲੇ ਵਿੱਚ ਮੁੱਖ ਸਰਕਾਰੀ ਗਵਾਹ ਬਣਾਇਆ ਗਿਆ ਹੈ ਪ੍ਰੰਤੂ ਕੋਈ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਇਹੀ ਨਹੀਂ ਐਨਆਈਏ ਨੇ ਸਰਕਾਰੀ ਗਵਾਹਾਂ ਦੀ ਸੂਚੀ ਵੀ ਸੀਲ ਬੰਦ ਲਿਫ਼ਾਫ਼ੇ ਵਿੱਚ ਦਿੱਤੀ ਗਈ ਹੈ। ਉਂਜ ਐਨਆਈਏ ਦੇ ਇੱਕ ਅਧਿਕਾਰੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ, ਕਿ ਐਸਪੀ ਨੂੰ ਸਰਕਾਰੀ ਗਵਾਹ ਬਣਾਇਆ ਜਾ ਰਿਹਾ ਹੈ।
ਐਨਆਈਏ ਦੇ ਸਰਕਾਰੀ ਵਕੀਲ ਸੁਰਿੰਦਰ ਸਿੰਘ ਅਤੇ ਏਐਸਪੀ ਵੀ ਸ੍ਰੀ ਵਾਸਤਿਵਾ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਕਿ ਪਠਾਨਕੋਟ ਅਤਿਵਾਦੀ ਹਮਲੇ ਦੇ ਮਾਮਲੇ ਵਿੱਚ ਨਾਮਜ਼ਦ ਮੁਲਾਜ਼ਮਾਂ ਮੌਲਾਨਾ ਮਸੂਦ ਅਜਹਰ, ਸ਼ਾਹਿਦ ਲਤੀਫ਼, ਅਬਦੁਲ ਰੋਫ ਅਸਗਰ ਅਤੇ ਕਾਸਿਫ ਜਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ ਲੇਕਿਨ ਹੁਣ ਤੱਕ ਉਹ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਐਨਆਈਏ ਨੂੰ ਮੁਲਜ਼ਮਾਂ ਦੇ ਪਾਕਿਸਤਾਨ ਵਿੱਚ ਛੁਪੇ ਹੋਣ ਜਾਂ ਵਿਦੇਸ਼ ਦੌੜ ਜਾਣ ਦੀ ਸੰਕਾ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 2 ਮਈ ਦਾ ਦਿਨ ਨਿਰਧਾਰਿਤ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਵੱਲੋਂ ਆਈਪੀਸੀ ਦੀ ਧਾਰਾ 120ਬੀ,121,121ਏ, 302,307,364,365,367,368,397, ਗ਼ੈਰ ਕਾਨੂੰਨੀ ਕਾਰਵਾਈਆਂ ਰੋਕੂ ਐਕਟ 1967 ਦੀ ਧਾਰਾ 16,18,20,23,38, ਅਸਲਾ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਕਤ ਤੋਂ ਇਲਾਵਾ ਨਸੀਰ ਹੁਸੈਨ, ਹਾਫ਼ਿਜ਼ ਅੱਬੂ ਬਕਰ, ਉਮਰ ਫਾਰੂਕ ਅਤੇ ਅਬਦੁਲ ਕਯੂਮ ਦੇ ਖ਼ਿਲਾਫ਼ ਜੁਰਮ ਸਥਾਪਿਤ ਹੁੰਦੇ ਹਨ। ਜਿਨ੍ਹਾਂ ਵੱਲੋਂ ਪਠਾਨਕੋਟ ਏਅਰਬੇਸ ’ਤੇ ਅੱਤਵਾਦੀ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ। ਪ੍ਰੰਤੂ ਦੁਵੱਲਿਓਂ ਗੋਲੀਬਾਰੀ ਦੀ ਘਟਨਾ ਦੌਰਾਨ ਇਨ੍ਹਾਂ ਅਤਿਵਾਦੀਆਂ ਨੂੰ ਮੁਕਾਬਲੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮੁਲਜ਼ਮ ਮੌਲਾਨਾ ਮਸੂਦ ਅਜਹਰ, ਅਬਦੁਲ ਰੋਫ ਅਤੇ ਸ਼ਾਹਿਦ ਲਤੀਫ਼ ਦੇ ਖ਼ਿਲਾਫ਼ ਇੰਟਰਪੋਲ ਵੱਲੋਂ ਪਹਿਲਾਂ ਹੀ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਜਦੋਂ ਕਿ ਕਾਸਿਫ ਜਹਾਂ ਦੇ ਖ਼ਿਲਾਫ਼ ਇਹ ਨੋਟਿਸ ਜਾਰੀ ਕਰਨ ਦੀ ਮੁੱਢਲੀ ਪ੍ਰਕਿਰਿਆ ਜਾਰੀ ਹੈ।
(ਬਾਕਸ ਆਈਟਮ)
ਪਠਾਨਕੋਟ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਲਈ ਲਗਾਤਾਰ ਕੀਤੀ ਗਈ ਸੀ ਰੈਕੀ: ਐਨਆਈਏ ਦੀ ਜਾਂਚ ਵਿੱਚ ਹੋਏ ਕਈ ਅਹਿਮ ਖੁਲਾਸੇ
ਉਧਰ, ਐਨਆਈਏ ਨੇ ਆਪਣੀ ਜਾਂਚ ਰਿਪੋਰਟ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਵੱਲੋਂ ਭਾਰਤ ਦੇ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਪਿਛਲੇ ਵਰ੍ਹੇ 2 ਜਨਵਰੀ ਨੂੰ ਅਤਿਵਾਦੀ ਹਮਲੇ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਦੱਸਿਆ ਗਿਆ ਹੈ ਕਿ ਪਾਕਿ ਅਤਿਵਾਦੀ ਹਮਲੇ ਤੋਂ ਕਰੀਬ ਮਹੀਨਾ ਪਹਿਲਾਂ ਪੰਜਾਬ ਵਿੱਚ ਪਹੁੰਚ ਗਏ ਸੀ ਅਤੇ ਵੱਖ-ਵੱਖ ਠਿਕਾਣਿਆਂ ’ਤੇ ਰਹਿ ਕੇ ਪਠਾਨਕੋਟ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਲਈ ਲਗਾਤਾਰ ਰੈਕੀ ਕੀਤੀ ਗਈ। ਨਸੀਰ ਹੁਸੈਨ, ਹਾਫ਼ਿਜ਼ ਅੱਬੂ ਬਕਰ, ਉਮਰ ਫਾਰੂਕ ਅਤੇ ਅਬਦੁਲ ਕਯੂਮ ਨੂੰ ਪਾਕਿਸਤਾਨ ਵਿੱਚ ਵਿਸ਼ੇਸ਼ ਟਰੇਨਿੰਗ ਕੈਂਪ ਵਿੱਚ ਹਥਿਆਰ ਚਲਾਉਣ ਦੀ ਸਿਖਲਾਈ ਦੇ ਕੇ ਹਮਲੇ ਲਈ ਤਿਆਰ ਕੀਤਾ ਗਿਆ ਸੀ। ਘਟਨਾ ਵਾਲੇ ਦਿਨ ਪਾਕਿਸਤਾਨ ਵਿੱਚ ਬੈਠਾ ਹੋਇਆ ਮੌਲਾਨਾ ਮਸੂਦ ਅਜਹਰ ਵੱਲੋਂ ਹਰੇਕ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਅਤਿਵਾਦੀਆਂ ਨੂੰ ਹਮਲੇ ਸਬੰਧੀ ਦਿਸ਼ਾ-ਨਿਰਦੇਸ਼ ਦੇ ਰਿਹਾ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …