ਮੁਹਾਲੀ ਸੜਕ ਹਾਦਸੇ ਵਿੱਚ ਆਈਟੀ ਕੰਪਨੀ ਦੇ ਮੁਲਾਜ਼ਮ ਦੀ ਦਰਦਨਾਕ ਮੌਤ

ਰਾਤ ਨੂੰ ਮੌਕੇ ਇਕੱਤਰ ਹੋਏ ਸੈਕਟਰ ਵਾਸੀਆਂ ਵੱਲੋਂ ਸੜਕ ਚੌੜੀ ਕਰਨ ਜਾਂ ਵੱਡੇ ਵਾਹਨਾਂ ਦਾ ਲਾਂਘਾ ਬੰਦ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਇੱਥੋਂ ਦੇ ਸੈਕਟਰ-91 ਤੋਂ ਚੱਪੜਚਿੜੀ ਨੂੰ ਜਾਂਦੀ ਸੜਕ ’ਤੇ ਵੀਰਵਾਰ ਨੂੰ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਮੋਟਰ ਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਕਰਮ ਮਹਾਜਨ (34) ਵਾਸੀ ਸੈਕਟਰ-115 ਵਜੋਂ ਹੋਈ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਬਿਕਰਮ ਸਥਾਨਕ ਸਨਅਤੀ ਏਰੀਆ ਫੇਜ਼-8 ਸਥਿਤ ਇੱਕ ਨਾਮੀ ਆਈਟੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਦੱਸਿਆ ਗਿਆ ਹੈ ਕਿ ਬਿਕਰਮ ਅੱਜ ਦੇਰ ਰਾਤ ਕਰੀਬ 10 ਵਜੇ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਸੈਕਟਰ-91 ਤੋਂ ਚੱਪੜਚਿੜੀ ਵੱਲ ਜਾ ਰਿਹਾ ਸੀ। ਇਸ ਦੌਰਾਨ ਸਵਰਾਜ ਟਰੈਕਟਰਾਂ ਨਾਲ ਲੱਦੇ ਹੋਏ ਵੱਡੇ ਟਰਾਲੇ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ’ਤੇ ਡਿੱਗ ਕੇ ਟਰਾਲੇ ਦੇ ਟਾਇਰ ਥੱਲੇ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਏਐਸਆਈ ਦਿਲਬਾਗ ਸਿੰਘ ਤੇ ਹੋਰ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਦੋਂਕਿ ਟਰਾਲਾ ਚਾਲਕ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਵਿੱਚ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਭਲਕੇ ਸ਼ੁੱਕਰਵਾਰ ਨੂੰ ਪੋਸਟ ਮਾਰਟਮ ਹੋਵੇਗਾ।
ਉਧਰ, ਮੌਕੇ ’ਤੇ ਇਕੱਤਰ ਸੈਕਟਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਹਾਲੀ ਤੋਂ ਚੱਪੜਚਿੜੀ ਸੜਕ ਬਹੁਤ ਛੋਟੀ ਹੈ ਪ੍ਰੰਤੂ ਇਸ ਸੜਕ ’ਤੇ ਆਵਾਜਾਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਅਤੇ ਰੋਜ਼ਾਨਾ ਹੀ ਸੜਕ ਹਾਦਸੇ ਵੀ ਵਾਪਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਚੌੜਾ ਕਰਕੇ ਫੋਰਲੇਨ ਕੀਤਾ ਜਾਵੇ ਜਾਂ ਇੱਧਰੋਂ ਵੱਡੇ ਅਤੇ ਭਾਰੀ ਵਾਹਨਾਂ ਦਾ ਲਾਂਘਾ ਬੰਦ ਕੀਤਾ ਜਾਵੇ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…