
ਟਰੈਵਲ ਏਜੰਟ ਨੇ ਨੌਜਵਾਨ ਨੂੰ ਕੈਨੇਡਾ ਜਾਣ ਲਈ ਜਾਅਲੀ ਟਿਕਟ ਵੇਚ ਕੇ ਠੱਗਿਆ
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਮੁਹਾਲੀ ਦੇ ਇੱਕ ਨੌਜਵਾਨ ਅਮਰਿੰਦਰ ਸਿੰਘ ਨੂੰ ਕੈਨੇਡਾ ਜਾਣ ਲਈ ਟਰੈਵਲ ਏਜੰਟ ਨੇ ਜਾਅਲੀ ਟਿਕਟ ਵੇਚ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਦੇ ਪਰਿਵਾਰ ਨੂੰ ਖੜੇ ਪੈਰ ਦੋ ਲੱਖ ਦੀ ਟਿਕਟ ਲੈਣੀ ਪਈ। ਜਮਹੂਰੀ ਕਿਸਾਨ ਸਭਾ ਮੁਹਾਲੀ ਚੰਡੀਗੜ੍ਹ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਸ਼ਰ੍ਹੇਆਮ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਇੱਥੇ ਸਭਾ ਦੇ ਆਗੂਆਂ ਬਲਜਿੰਦਰ ਸਿੰਘ ਭਾਗੋਮਾਜਰਾ, ਸੱਜਣ ਸਿੰਘ, ਦਲਜੀਤ ਸਿੰਘ ਮਨਾਣਾ ਅਤੇ ਕ੍ਰਿਸ਼ਨ ਰਾਮ ਧੁਨਕੀਆਂ ਨੇ ਕਿਹਾ ਕਿ ਪੰਜਾਬ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨਾਲ ਕੁਝ ਟਰੈਵਲ ਏਜੰਟਾਂ ਵੱਲੋਂ ਸ਼ਰ੍ਹੇਆਮ ਠੱਗੀ ਮਾਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਕਿਸਾਨ ਆਗੂਆਂ ਨੇ ਅਜਿਹੀ ਇੱਕ ਠੱਗੀ ਦੀ ਤਾਜ਼ਾ ਉਦਾਹਰਨ ਦਿੰਦਿਆਂ ਕਿਹਾ ਕਿ ਮੁਹਾਲੀ ਦੇ ਨੌਜਵਾਨ ਅਮਰਿੰਦਰ ਸਿੰਘ ਨੂੰ ਕੈਨੇਡਾ ਭੇਜਣ ਲਈ ਉਸ ਦੀ ਭੈਣ ਅਮਨਦੀਪ ਕੌਰ ਪਤਨੀ ਰਵਿੰਦਰ ਸਿੰਘ ਵਾਸੀ ਟੀਡੀਆਈ ਸੈਕਟਰ-110 ਅਤੇ ਸੈਕਟਰ-111 ਨੇ ਪਟਿਆਲਾ ਦੇ ਇੱਕ ਟਰੈਵਲ ਏਜੰਟ ਰਾਹੀਂ ਕੈਨੇਡਾ ਦੀ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾਈ ਸੀ ਪਰ ਟਿਕਟ ਜਾਅਲੀ ਹੋਣ ਕਾਰਨ ਨੌਜਵਾਨ ਨੂੰ ਏਅਰਪੋਰਟ ’ਤੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਰਿਵਾਰ ਨੂੰ ਐਨ ਮੌਕੇ ਐਮਰਜੈਂਸੀ ਵਿੱਚ ਕੈਨੇਡਾ ਜਾਣ ਲਈ ਦੋ ਲੱਖ ਵਿੱਚ ਟਿਕਟ ਖ਼ਰੀਦਣੀ ਪਈ। ਉਨ੍ਹਾਂ ਕਿਹਾ ਕਿ ਅਜਿਹੇ ਠੱਗ ਟਰੈਵਲ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਿਆਰੀ ਸਿੱਖਿਆ ਹਾਸਲ ਕਰਨ ਅਤੇ ਰੁਜ਼ਗਾਰ ਲਈ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਠੱਗੀਆਂ ਤੋਂ ਬਚਾਇਆ ਜਾ ਸਕੇ।