ਪੈਨਸ਼ਨਰਜ਼ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਾ ਹੀ ਅਜੀਤ ਸਿੰਘ ਬਾਗੜੀ ਨੂੰ ਸੱਚੀ ਸ਼ਰਧਾਂਜਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੇ ਸੰਸਥਾਪਕ ਅਜੀਤ ਸਿੰਘ ਬਾਗੜੀ ਦਾ ਯਾਦਗਾਰੀ ਸਮਾਰੋਹ ਡਾ. ਅੰਬੇਦਕਰ ਵੈਲਫੇਅਰ ਮਿਸ਼ਨ ਸੈਕਟਰ-69 ਵਿੱਚ ਮਨਾਇਆ ਗਿਆ। ਜਿਸ ਵਿੱਚ ਮਹਾਸੰਘ ਦੇ ਜਨਰਲ ਸਕੱਤਰ ਬਾਬਾ ਬੋਹੜ ਰਣਬੀਰ ਢਿੱਲੋਂ, ਕਾਰਜਕਾਰੀ ਜਨਰਲ ਸਕੱਤਰ ਬੀ.ਐਸ.ਸੈਣੀ ਰੋਪੜ, ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਚੰਦਰ ਸ਼ਰਮਾ ਸੰਗਰੂਰ, ਚੇਅਰਮੈਨ ਗੁਰਨਾਮ ਸਿੰਘ ਅੌਲਖ ਬੀਬੀਐਮਬੀ, ਨੰਗਲ, ਚੇਅਰਮੈਨ ਅਵਤਾਰ ਸਿੰਘ ਲੋਧੀਮਾਜਰਾ ਰੋਪੜ, ਚੇਅਰਮੈਨ ਜਰਨੈਲ ਸਿੰਘ ਸਿੱਧੂ, ਪਵਿੱਤਰ ਸਿੰਘ ਪ੍ਰਧਾਨ ਲੁਧਿਆਣਾ, ਬਲਬੀਰ ਚੰਦ ਪ੍ਰਧਾਨ ਖੰਨਾ, ਰਾਜ ਕੁਮਾਰ ਪ੍ਰਧਾਨ ਮੋਰਿੰਡਾ, ਗੁਰਬਖਸ਼ ਸਿੰਘ ਸਕੱਤਰ, ਸੁੱਚਾ ਸਿੰਘ ਕਲੌੜ, ਸੁਖਦੇਵ ਸਿੰਘ ਸੂਰਤਾਪੁਰ ਰੋਪੜ, ਰਣਜੋਧ ਸਿੰਘ, ਕਰਤਾਰ ਸਿੰਘ ਪਾਲ, ਸਾਬਕਾ ਏਆਈਜੀ ਸਰਬਜੀਤ ਸਿੰਘ ਪੰਧੇਰ, ਅਮਰਜੀਤ ਸਿੰਘ ਵਾਲੀਆ, ਸੰਤੋਖ ਸਿੰਘ ਚਾਵਲਾ, ਅਮਰੀਕ ਸਿੰਘ ਸੇਠੀ, ਬੀਆਰ ਗੁਪਤਾ, ਕਿਸ਼ਨ ਚੰਦ ਮੁਲਾਂਪੁਰ, ਪ੍ਰੇਮ ਚੰਦ ਸ਼ਰਮਾ, ਚੰਚਲ ਸਿੰਘ, ਜਨਕ ਸਿੰਘ ਅਤੇ ਪੰਜਾਬ ਭਰ ਤੋਂ ਮਹਾਸੰਘ ਦੀਆਂ ਪੈਨਸ਼ਨਰ ਜੱਥੇਬੰਦੀਆਂ ਵੱਲੋੱ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਮਹਰੂਮ ਨੇਤਾ ਨੂੰ ਨਿੱਘੀ ਸਰਧਾਂਜਲੀ ਅਰਪਿਤ ਕੀਤੀ ਗਈ।
ਮਹਾਸੰਘ ਦੇ ਸੂਬਾ ਪ੍ਰਧਾਨ ਡਾ: ਐਨ ਕੇ ਕਲਸੀ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੇ ਦਸਿਆ ਗਿਆ ਕਿ ਵੱਖ ਵੱਖ ਬੁਲਾਰਿਆਂ ਵੱਲੋਂ ਅਜੀਤ ਸਿੰਘ ਬਾਗੜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਗਿਆ ਅਤੇ ਦਸਿਆ ਕਿ 1964 ਵਿੱਚ ਬਹੁਤ ਵੱਡੇ ਰੋਸ ਮਾਰਚ ਦੇ ਸੰਘਰਸ਼ ਦੌਰਾਨ ਬਾਗੜੀ ਜੀ ਪੀਪਾ ਖੜਕਾਉੱਦੇ ਹੋਏ ਰਣਬੀਰ ਢਿੱਲੋਂ ਤੇ ਰਘਬੀਰ ਸਿੰਘ ਸੰਧੂ ਦੇ ਸੰਪਰਕ ਵਿੱਚ ਆਏ ਅਤੇ ਉਸ ਤੋਂ ਬਾਅਦ ਆਪਣੀ ਜੀਵਨ-ਲੀਲਾ ਦੀ ਸਮਾਪਤੀ 15 ਅਪਰੈਲ 2005 ਤੱਕ ਮੁਲਾਜ਼ਮਾਂ ਲਈ ਸੰਘਰਸ਼ਸੀਲ ਰਹੇ ਅਤੇ ਉਨ੍ਹਾਂ ਦੀਆਂ ਕਈ ਰਾਜ-ਪੱਧਰੀ ਤੇ ਨੈਸ਼ਨਲ ਫੈਡਰੇਸ਼ਨਾਂ ਦੇ ਰਾਹੀਂ ਅਨੇਕਾਂ ਇਤਿਹਾਸਕ ਮੁਲਾਜਮ ਸੰਘਰਸ਼ਾਂ/ਹੜਤਾਲਾਂ ਅਤੇ ਜੇਲ ਯਾਤਰਾ ਆਦਿ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਵਰਤਮਾਨ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਬੇ-ਰੁਖੀ ਅਪਣਾਉਣ ਕਾਰਣ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ ਗਈ ਅਤੇ ਉਹਨਾਂ ਵੱਲੋੱ ਇਹ ਇਹਲਾਦ ਲਿਆ ਗਿਆ ਕਿ ਪੰਜਾਬ ਭਰ ਦੇ ਸਮੂਹ ਪੈਨਸ਼ਨਰਾਂ ਨੂੰ ਇੱਕਜੁੱਟ ਹੋ ਕੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਖਣਾ ਹੀ ਅਜੀਤ ਸਿੰਘ ਬਾਗੜੀ ਨੂੰ ਸੱਚੀ ਸਰਧਾਂਜਲੀ ਹੋਵੇਗੀ।
ਉਨ੍ਹਾਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨਾਂ 2.59 ਗੁਣਾਂਕ ਨਾਲ ਤੁਰੰਤ ਸੋਧੀ ਜਾਵੇ, 1-1-2016 ਤੋਂ 30-6-2021 ਤੱਕ ਦਾ ਬਕਾਇਆ ਯਕਮੁਸਤ ਅਦਾ ਕੀਤਾ ਜਾਵੇ ਜਾਂ ਪੰਜਾਬ ਦੇ ਜੁਡੀਸ਼ੀਅਲ ਸਟਾਫ ਦੇ ਜੱਜਾਂ ਦੀ ਤਰਾਂ ਤਿੰਨ ਕਿਸ਼ਤਾਂ ਵਿੱਚ ਬਕਾਇਆ ਅਦਾ ਕੀਤਾ ਜਾਵੇ, 1-7-2015 ਤੋਂ 198 ਮਹੀਨੇ ਦੇ ਡੀਏ ਦਾ ਭੁਗਤਾਨ ਕੀਤਾ ਜਾਵੇ, ਨੋਸ਼ਨਲ ਆਧਾਰ ਤੇ ਪੈਨਸ਼ਨ ਸੋਧਣ ਬਾਰੇ ਸਪਸ਼ਟੀਕਰਣ ਤੁਰੰਤ ਜਾਰੀ ਕੀਤਾ ਜਾਵੇ, ਕੈਸ਼ਲੈਸ ਮੈਡੀਕਲ ਸੁਵਿਧਾ ਤੁਰੰਤ ਬਹਾਲ ਕੀਤੀ ਜਾਵੇ, ਸੋਧੀ ਲੀਵ ਇਨਕੈਸ਼ਮੈਂਟ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ, ਨਹੀਂ ਤਾਂ ਪੰਜਾਬ ਮੁਲਾਜਮ ਤੇ ਪੈਨਸ਼ਨਜ਼ ਸਾਂਝੇ ਫਰੰਟ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਜਲੰਧਰ ਵਿੱਖੇ ਹੋਣ ਵਾਲੀ ਲੋਕ ਸਭਾ ਦੀ ਜਿਮਨੀ ਚੋਣ ਦੌਰਾਨ ਵੱਖ ਵੱਖ ਹਲਕਿਆਂ ਵਿੱਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਅਜੀਤ ਸਿੰਘ ਬਾਗੜੀ ਦੀ ਬੇਟੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਾਲ ਤੇ ਮੁਮੈਂਟੋ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਰਨੈਲ ਸਿੰਘ ਸਿੱਧੂ ਵੱਲੋਂ ਸੰਸਥਾ ਨੂੰ ਮਾਣਭੇਟਾਂ ਦੇਣ ਵਾਲਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਮੁਮੈਂਟੋ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਗਿਆ। ਅੰਤ ਵਿੱਚ ਪੈਨਸ਼ਨਰਜ਼ ਮਹਾਸੰਘ ਦੇ ਪ੍ਰਧਾਨ ਡਾ. ਐਨ.ਕੇ. ਕਲਸੀ ਵੱਲੋਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਰਨੈਲ ਸਿੰਘ ਸਿੱਧੂ ਅਤੇ ਸਮੂਹ ਕਾਰਜਕਾਰੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ, ਜਿਹਨਾਂ ਦੇ ਅਣਥੱਕ ਯਤਨਾਂ ਸਦਕਾ ਇਹ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਸੰਪਨ ਹੋਇਆ। ਮੀਤ ਸਕੱਤਰ ਭਗਤ ਰਾਮ ਰੰਗਾੜਾ ਵੱਲੋਂ ਸਟੇਜ ਸਕੱਤਰ ਦਾ ਕੰਮ ਬਾ-ਖੂਬ ਨਿਭਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…