ਦੋ ਰੋਜ਼ਾ ਗੁਲਦਾਊਦੀ ਮੇਲਾ ਵਾਤਾਵਰਨ ਦਾ ਸੁਨੇਹਾ ਦਿੰਦਾ ਹੋਇਆ ਸਮਾਪਤ

ਨਬਜ਼-ਏ-ਪੰਜਾਬ, ਮੁਹਾਲੀ, 7 ਦਸੰਬਰ:
ਇੱਥੋਂ ਦੇ ਜਤੇਂਦਰ ਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਦੋ ਰੋਜ਼ਾ ਗੁਲਦਾਊਦੀ ਮੇਲਾ ਅੱਜ ਅਮਿੱਟ ਪੈੜਾਂ ਛੱਡਦਾ ਸਮਾਪਤ ਹੋ ਗਿਆ। ਦੋਵੇਂ ਦਿਨ ਗੁਲਦਾਊਦੀ ਫੁੱਲਾਂ ਦੀ ਨੁਮਾਇਸ਼ ਤੋਂ ਬਾਅਦ ਅੱਜ ਦੂਜੇ ਦਿਨ ਵਾਤਾਵਰਨ ਦੀ ਸੰਭਾਲ ਅਤੇ ਆਯੁਰਵੇਦ ਦੀ ਮਨੁੱਖ ਦੇ ਜੀਵਨ ਵਿੱਚ ਭੂਮਿਕਾ ਵਿਸ਼ੇ ’ਤੇ ਮਾਹਰਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਕੇ ਕੋਹਲੀ ਨੇ ਹਰਬਲ ਗਾਰਡਨ, ਹਰਬਲ ਨਰਸਰੀ ਤੇ ਮੈਡਸੀਨਲ ਪਲਾਂਟਸ ਸੀਡਜ਼ ਹਰਬੇਰੀਅਮ ਦੇ ਸੁਧਾਰਾਂ ਸਬੰਧੀ ਸੁਝਾਅ ਦਿੱਤੇ।
ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਜਤਿੰਦਰ ਸ਼ਰਮਾ, ਡਾ. ਰਾਜੀਵ ਕਪਿਲਾ, ਡਾ. ਸੁਖਪਾਲ ਸਿੰਘ ਪੰਜਾਬ ਸਟੇਟ ਫਾਰਮਰਜ਼ ਅਤੇ ਫਾਰਮ ਵਰਕਰਜ਼ ਕਮਿਸ਼ਨ ਅਤੇ ਡਾ. ਅਸ਼ਵਨੀ ਸ਼ਰਮਾ ਪਸ਼ੂ ਪਾਲਣ ਵਿਭਾਗ ਮੁਖੀ ਪੀਏਯੂ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਉਪਰੰਤ ਮਹਿਮਾਨਾਂ ਨੇ ਗੁਲਦਾਊਦੀ ਮੇਲੇ ਬਾਰੇ ਕਿਤਾਬਚਾ ਰਿਲੀਜ਼ ਕੀਤਾ। ਮਾਹਰਾਂ ਨੇ ਵਾਤਾਵਰਨ ਨੂੰ ਗੰਧਲਾ ਹੋਣ ਬਚਾਉਣ ਅਤੇ ਲੁਪਤ ਹੋ ਰਹੀਆਂ ਜੜੀਆਂ-ਬੂਟੀਆਂ ਨੂੰ ਬਚਾਉਣ ਦੇ ਨੁਕਤੇ ਦੱਸੇ। ਇਸ ਮੌਕੇ 25 ਸਰਵਹਿੱਤਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਰਵਹਿੱਤਕਾਰੀ ਸਕੂਲ ਤਲਵਾੜਾ ਦੀ ਖ਼ੁਸ਼ੀ ਸਿੰਘ ਅਤੇ ਦੀਪਿਕਾ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਅੰਮ੍ਰਿਤ ਸਿੰਘ ਦਿਆਨੰਦ ਪਬਲਿਕ ਸਕੂਲ ਨਾਭਾ ਤੀਜੇ ਸਥਾਨ ’ਤੇ ਰਿਹਾ। ਹੌਸਲਾ ਅਫ਼ਜ਼ਾਈ ਇਨਾਮ ਹੁਸ਼ਿਆਰਪੁਰ ਦੇ ਸ਼ੁੱਭ ਦੇ ਹਿੱਸੇ ਆਇਆ।
ਜਤਿੰਦਰ ਸ਼ਰਮਾ ਨੇ ਕਿਹਾ ਕਿ ਵਿਸ਼ਵ ਵਿੱਚ ਸਭ ਕੁੱਝ ਵਰਚੂਅਲ ਹੋ ਕੇ ਰਹਿ ਗਿਆ ਹੈ। ਇਸ ਲਈ ਹੁਣ ਯੁਵਾ ਪੀੜ੍ਹੀ ਨੂੰ ਤਕਨੀਕ ਦੇ ਖ਼ਿਆਲੀ ਪੁਲਾਓ ਪਕਾਉਣ ਨਾਲੋਂ ਧਰਤੀ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਰਵਹਿੱਤਕਾਰੀ ਸੁਸਾਇਟੀ ਮੈਨੇਜਮੈਂਟ ਮੋਬਾਈਲ ਕਲਚਰ ਤੋਂ ਹਟਾ ਕੇ ਵਿਦਿਆਰਥੀਆਂ ਨੂੰ ਮਿੱਟੀ ਨਾਲ ਜੋੜ ਰਿਹਾ ਹੈ। ਇਸ ਲਈ ਸਮੁੱਚੀ ਮੈਨੇਜਮੈਂਟ ਵਧਾਈ ਦੀ ਪਾਤਰ ਹੈ। ਡਾ. ਰਾਜੀਵ ਕਪਿਲਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੇ ਦੁਨੀਆ ਨੂੰ ਇਹ ਗੱਲ ਸਮਝਾ ਦਿੱਤੀ ਕਿ ਆਯੁਰਵੇਦ ਦਾ ਮਨੁੱਖੀ ਜੀਵਨ ਵਿੱਚ ਅਹਿਮ ਯੋਗਦਾਨ ਹੀ ਨਹੀਂ ਬਲਕਿ ਇਹ ਜੀਵਨ ਦਾ ਅੰਗ ਹੈ। ਭਾਵੇਂ ਆਯੂਸ਼ ਕਾੜ੍ਹੇ ਹੋਣ ਜਾਂ ਫਿਰ ਹੋਰ ਜੜੀਆਂ-ਬੂਟੀਆਂ ਅਤੇ ਦਵਾਈਆਂ ਹੋਣ ਆਯੁਰਵੇਦ ਨੇ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਗੁਲਦਾਊਦੀ ਮੇਲੇ ਦਾ ਮਕਸਦ ਆਯੁਰਵੇਦ ਅਤੇ ਕੁਦਰਤ ਨਾਲ ਜੋੜਨਾ ਹੈ, ਜਿਸ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ।
ਵਿੱਦਿਆ ਭਾਰਤੀ ਦੇ ਖੇਤਰੀ ਵਾਤਾਵਰਨ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਕਿਹਾ ਕਿ ਮਨੁੱਖ ਦੇ ਜੀਵਨ ਵਿੱਚ ਫੁੱਲਾਂ ਦੀ ਅਲੱਗ ਅਹਿਮੀਅਤ ਹੈ ਜੋ ਵੱਡੀ ਤੋਂ ਵੱਡੀ ਜੰਗ ਨੂੰ ਆਪਣੀ ਸਾਦਗੀ ਨਾਲ ਰੋਕਣ ਦਾ ਕੰਮ ਕਰਦੇ ਹਨ। ਸਰਵਹਿੱਤਕਾਰੀ ਸੁਸਾਇਟੀ ਨੇ ਗੁਲਦਾਊਦੀ ਮੇਲੇ ਨਾਲ ਪੰਜਾਬ ਵਿੱਚ ਭਾਈਚਾਰਕ ਸਾਂਝ ਬਹਾਲ ਰੱਖਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਸਾਨੂੰ ਵਾਤਾਵਰਨ ਪ੍ਰਦੂਸ਼ਣ ’ਤੇ ਗੰਭੀਰ ਚਿੰਤਾ ਦੀ ਥਾਂ ਹੁਣ ਚਿੰਤਨ ਕਰਨ ਦਾ ਵੱਡਾ ਇਸ਼ਾਰਾ ਕਰ ਰਹੀ ਹੈ।
ਪ੍ਰੋਗਰਾਮ ਦੇ ਸਪਾਂਸਰ ਭਾਗ ਸਿੰਘ ਬੈਦਵਾਨ ਨੇ ਕਿਹਾ ਕਿ ਪੰਜਾਬ ਵਾਸੀਆ ਨੂੰ ਪ੍ਰਮਾਤਮਾ ਦੀ ਅਨੋਖੀ ਬਖ਼ਸ਼ਿਸ਼ ਹੈ ਕਿ ਇੱਥੋਂ ਦਾ ਵਾਤਾਵਰਨ ਬਨਸਪਤੀ ਨਾਲ ਭਰਿਆ ਹੋਇਆ ਹੈ। ਅਰਬ ਮੁਲਕਾਂ ਤੋਂ ਇਲਾਵਾ ਦੁਨੀਆ ਵਿੱਚ ਅਜਿਹੀਆਂ ਥਾਵਾਂ ਵੀ ਹਨ, ਜਿੱਥੇ ਕੋਈ ਪੌਦਾ ਨਹੀਂ ਉੱਗਦਾ ਅਤੇ ਸਿਰਫ਼ ਖਜੂਰ ਦੇ ਦਰਖ਼ਤ ਹੁੰਦੇ ਹਨ। ਇਸ ਮੌਕੇ ਸੁਸਾਇਟੀ ਦੇ ਮੈਂਬਰ ਸੁਰਿੰਦਰ ਅੱਤਰੀ, ਅਨੁਰਾਗ ਬਿਆਲਾ, ਚੰਦਰ ਹਾਂਸ ਗੁਪਤਾ ਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …