nabaz-e-punjab.com

ਅਕਾਲੀ ਦਲ ਦੀਆਂ ਦੋ ਬੀਬੀਆਂ ਆਹਮੋ ਸਾਹਮਣੇ, ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ

ਮਹਿਲਾ ਵਿੰਗ ਜ਼ਿਲ੍ਹਾ ਸ਼ਹਿਰੀ ਦੀ ਪ੍ਰਧਾਨ ਬੀਬੀ ਕੰਗ ਵੱਲੋਂ ਬੀਬੀ ਭਿੰਦਰਜੀਤ ਕੌਰ ਛੇ ਸਾਲਾਂ ਲਈ ਪਾਰਟੀ ’ਚੋਂ ਬਰਖ਼ਾਸਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫ਼ਾ ਅਤੇ ਕੁਝ ਹੋਰ ਸੀਨੀਅਰ ਆਗੂਆਂ ਵੱਲੋਂ ਨਾਰਾਜਗੀ ਪ੍ਰਗਟਾਉਣ ਤੋਂ ਬਾਅਦ ਹੁਣ ਛੋਟੇ ਆਗੂਆਂ ਵਿੱਚ ਵੀ ਦੂਰੀਆਂ ਵਧਣ ਕਾਰਨ ਹਾਈ ਕਮਾਂਡ ਅਤੇ ਸੀਨੀਅਰ ਲੀਡਰਸ਼ਿਪ ਦੀਆਂ ਚਿੰਤਾਵਾਂ ਵਧ ਗਈਆਂ ਹਨ। ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰੀ ਜਬਰ ਖ਼ਿਲਾਫ਼ ਸੱਤ ਅਕਤੂਬਰ ਨੂੰ ਪਟਿਆਲਾ ਵਿੱਚ ਸਿਆਸੀ ਰੈਲੀ ਕੀਤੀ ਜਾ ਰਹੀ ਹੈ ਪ੍ਰੰਤੂ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਰਕਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ ਲੇਕਿਨ ਛੋਟੇ ਬਾਦਲਾਂ ਦੀਆਂ ਅਪੀਲਾਂ ਨੂੰ ਵਰਕਰ ਬਹੁਤੀ ਤਵੱਜੋਂ ਦਿੰਦੇ ਨਹੀਂ ਜਾਪਦੇ ਹਨ।
ਜ਼ਿਲ੍ਹਾ ਇਸਤਰੀ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੀ ਪ੍ਰਧਾਨ ਕੁਲਦੀਪ ਕੌਰ ਕੰਗ ਵੱਲੋਂ ਬਲੌਂਗੀ ਕਲੋਨੀ ਦੀ ਅਕਾਲੀ ਸਰਪੰਚ ਅਤੇ ਕੋਰ ਕਮੇਟੀ ਦੀ ਮੈਂਬਰ ਬੀਬੀ ਭਿੰਦਰਜੀਤ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਅਗਲੇ ਛੇ ਸਾਲਾਂ ਵਿੱਚ ਅਕਾਲੀ ਦਲ ’ਚੋਂ ਬਰਖ਼ਾਸਤ ਕੀਤਾ ਗਿਆ ਹੈ। ਇਹ ਜਾਣਕਾਰੀ ਬੀਬੀ ਕੰਗ ਨੇ ਖ਼ੁਦ ਮੀਡੀਆ ਨੂੰ ਲਿਖਤੀ ਰੂਪ ਵਿੱਚ ਦਿੱਤੀ ਹੈ।
ਉਧਰ, ਇਸ ਸਬੰਧੀ ਬੀਬੀ ਭਿੰਦਰਜੀਤ ਕੌਰ ਬਲੌਂਗੀ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਨੇ ਕਦੇ ਵੀ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਹਿੱਸਾ ਨਹੀਂ ਲਿਆ ਹੈ ਅਤੇ ਉਹ ਸ਼ੁਰੂ ਤੋਂ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਦੇ ਆ ਰਹੇ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਬਲੌਂਗੀ ਤੋਂ ਬੀਬੀਆਂ ਅਤੇ ਵਰਕਰਾਂ ਦੀਆਂ 3-3 ਬੱਸਾਂ ਭਰ ਕੇ ਲਿਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀ ਕੰਗ ਇਹ ਸਾਬਤ ਕਰਨ ਕੀ ਉਨ੍ਹਾਂ ਨੇ ਕਿਹੜੀ ਪਾਰਟੀ ਵਿਰੋਧੀ ਗਤੀਵਿਧੀ ਕੀਤੀ ਹੈ। ਨਹੀਂ ਤਾਂ ਉਹ ਦੱਸਣਗੇ ਕਿ ਬੀਬੀ ਕੰਗ ਨੇ ਕਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀਬੀ ਕੰਗ ਜ਼ਿਲ੍ਹਾ ਸ਼ਹਿਰੀ ਇਕਾਈ ਦੀ ਪ੍ਰਧਾਨ ਹਨ ਜਦੋਂਕਿ ਉਹ ਦਿਹਾਤੀ ਖੇਤਰ ਨਾਲ ਸਬੰਧਤ ਹਨ। ਲਿਹਾਜ਼ਾ ਬੀਬੀ ਕੰਗ ਨੂੰ ਉਨ੍ਹਾਂ ਨੂੰ ਪਾਰਟੀ ’ਚੋਂ ਬਰਖ਼ਾਸਤ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਜ਼ਿਲ੍ਹਾ ਪ੍ਰਧਾਨ ਸਿਰਫ਼ ਟੈਂਟ ਵਿੱਚ ਹੀ ਬੈਠੇ ਰਹੇ ਹਨ ਅਤੇ ਬਲੌਂਗੀ ਖੇਤਰ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਗਿਆ। ਉਲਟਾ ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਝੂਠੇ ਦੋਸ਼ ਮੜ੍ਹੇ ਜਾ ਰਹੇ ਹਨ।
ਉਧਰ, ਇਸ ਦੇ ਜਵਾਬ ਵਿੱਚ ਬੀਬੀ ਕੰਗ ਨੇ ਸਪੱਸ਼ਟ ਕੀਤਾ ਕਿ ਬੀਤੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਟਿਆਲਾ ਰੈਲੀ ਸਬੰਧੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੁਹਾਲੀ ਵਿੱਚ ਆਏ ਸੀ ਪ੍ਰੰਤੂ ਬੀਬੀ ਭਿੰਦਰਜੀਤ ਕੌਰ ਨੇ ਖ਼ੁਦ ਮੀਟਿੰਗ ਵਿੱਚ ਹਾਜ਼ਰ ਤਾਂ ਕੀ ਹੋਣਾ ਸੀ। ਉਲਟਾ ਹੋਰਨਾਂ ਬੀਬੀਆਂ ਅਤੇ ਵਰਕਰਾਂ ਨੂੰ ਵੀ ਪਾਰਟੀ ਪ੍ਰਧਾਨ ਦੀ ਮੀਟਿੰਗ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਜਦੋਂਕਿ ਬੀਬੀ ਭਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਬੀਬੀ ਜਾਂ ਹੋਰ ਵਰਕਰ ਨੂੰ ਸੁਖਬੀਰ ਬਾਦਲ ਦੀ ਮੀਟਿੰਗ ਵਿੱਚ ਜਾਣ ਤੋਂ ਨਹੀਂ ਰੋਕਿਆ ਹੈ। ਇਹ ਦੋਸ਼ ਬਿਲਕੁਲ ਝੂਠੇ ਹਨ।
ਬੀਬੀ ਕੰਗ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਭਿੰਦਰਜੀਤ ਕੌਰ ਨੇ ਪਾਰਟੀ ਖ਼ਿਲਾਫ਼ ਚੋਣ ਪ੍ਰਚਾਰ ਕੀਤਾ ਹੈ ਅਤੇ ਜਿੱਥੋਂ ਤੱਕ ਉਨ੍ਹਾਂ (ਭਿੰਦਰਜੀਤ) ਨੂੰ ਪਾਰਟੀ ’ਚੋਂ ਕੱਢਣ ਦੇ ਅਧਿਕਾਰ ਦੀ ਗੱਲ ਹੈ, ਬਾਰੇ ਉਨ੍ਹਾਂ ਕਿਹਾ ਕਿ ਭਿੰਦਰਜੀਤ ਨੂੰ ਕੋਰ ਕਮੇਟੀ ਦੀ ਮੈਂਬਰ ਉਨ੍ਹਾਂ ਨੇ ਹੀ ਬਣਾਇਆ ਸੀ ਕਿਸੇ ਹੋਰ ਨੇ ਨਹੀਂ। ਉਨ੍ਹਾਂ ਕਿਹਾ ਕਿ ਬੀਬੀ ਬਲੌਂਗੀ ਦੇ ਖ਼ਿਲਾਫ਼ ਪਾਰਟੀ ਉਮੀਦਵਾਰਾਂ, ਹਲਕਾ ਇੰਚਾਰਜ ਅਤੇ ਹੋਰਨਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ ਨੂੰ ਬਰਖ਼ਾਸਤ ਦਾ ਕਰਨ ਦਾ ਫੈਸਲਾ ਸੀਨੀਅਰ ਆਗੂਆਂ ਦੀ ਸਲਾਹ ਨਾਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…