ਘੱਟ ਬਿਜਲੀ ਖਪਤ ਉਪਕਰਨਾਂ ਨੂੰ ਉਤਸ਼ਾਹਿਤ ਕਰਨ ਲਈ ‘ਉਜਾਲਾ ਜਾਗਰੂਕਤਾ ਮੁਹਿੰਮ’ ਦੀ ਸ਼ੁਰੂਆਤ 10 ਜਨਵਰੀ ਤੋਂ

ਮੁਹਿੰਮ ਨੂੰ ਬਲ ਦੇਣ ਲਈ ਈਈਐਸਐਲ ਦੀਆਂ 16 ਮੋਬਾਈਲ ਵੈਨਾਂ ਨੂੰ ਮੰਤਰੀ ਵੱਲੋਂ ਕੀਤਾ ਜਾਵੇਗਾ ਰਵਾਨਾ

ਅਤਿ ਆਧੁਨਿਕ ਬਿਜਲੀ ਉਪਕਰਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੈਨਾਂ ਕਰਨਗੀਆਂ ਪੂਰੇ ਸੂਬੇ ਦਾ ਦੌਰਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਜਨਵਰੀ:
ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਬਿਜਲੀ ਦੀ ਖਪਤ ਨੂੰ ਘਟਾਉਣ ਵਾਲੇ ਉਪਕਰਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ 10 ਜਨਵਰੀ, 2018 ਨੂੰ ਉਜਾਲਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਇੱਕ ਬੁਲਾਰੇ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਇਸ ਜਾਗਰੂਕਤਾ ਮੁਹਿੰਮ ਤਹਿਤ ਵੀ.ਆਈ.ਪੀ. ਗੈਸਟ ਹਾਊਸ, ਪੀਐਸਟੀਸੀਐਲ (ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ) ਦੇ ਮੁਹਾਲੀ ਵਿੱਚੋਂ ਸਵੇਰੇ 10 ਵਜੇ ਇਕ ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ 16 ਉਜਾਲਾ ਵੈਨਾਂ ਨੂੰ ਰਵਾਨਾ ਕਰਨਗੇ। ਇਹ ਮੋਬਾਇਲ ਵੈਨਾਂ ਉਜਾਲਾ ਐਲ.ਈ.ਡੀ. ਬਲਬ, ਐਲ.ਈ.ਡੀ. ਟਿਊਬ ਲਾਈਟਾਂ ਅਤੇ ਘੱਟ ਬਿਜਲੀ ਖਪਤ ਵਾਲੇ ਪੱਖਿਆਂ ਨੂੰ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਲਈ ਖਾਸ ਤੌਰ ‘ਤੇ ਤਿਆਰ ਕੀਤੀਆਂ ਗਈਆਂ ਹਨ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਰਾਹੀਂ ਈ.ਈ.ਐਸ.ਐਲ. (ਐਨਰਜੀ ਐਫੀਸ਼ੇਂਸੀ ਸਰਵਿਸਿਸ ਲਿਮਟਿਡ) ਦੀ ਪ੍ਰਚਾਰ ਸਮੱਗਰੀ ਅਤੇ ਵੰਡ ਕੇਂਦਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਉਜਾਲਾ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ 24 ਮਈ, 2017 ਨੂੰ ਉਜਾਲਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਈਈਐਸਐਲ ਵੱਲੋਂ ਹੁਣ ਤੱਕ 6.5 ਲੱਖ ਦੇ ਕਰੀਬ ਐਲਈਡੀ ਬਲਬ, 45000 ਐਲਈਡੀ ਟਿਊਬਾਂ ਅਤੇ ਘੱਟ ਬਿਜਲੀ ਖਪਤ ਵਾਲੇ 10000 ਪੱਖੇ ਵੰਡੇ ਜਾ ਚੁੱਕੇ ਹਨ। ਉਪਕਰਨਾਂ ਦੀ ਵੰਡ ਸਬੰਧੀ ਅਤੇ ਵੰਡ ਕੇਂਦਰਾਂ ਦੇ ਪਤੇ ਸਬੰਧੀ ਜਾਣਕਾਰੀ http://www.ujala.gov.in/state-dashboard/punjab ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਕਰਨਾਂ ਦੀ ਵੰਡ ਸਦਕਾ ਪੰਜਾਬ 9 ਕਰੋੜ ਕਿਲੋਵਾਟ ਘੰਟੇ (ਕੇ.ਡਬਲਿਊ.ਐਚ.) ਬਿਜਲੀ ਬਚਾਉਣ ਵਿੱਚ ਸਫ਼ਲ ਹੋਇਆ ਹੈ ਅਤੇ ਆਧਨਿਕ ਬਿਜਲੀ ਉਪਕਰਨਾਂ ਦੀ ਵਰਤੋਂ ਕਰਕੇ ਬਿਜਲੀ ਖ਼ਪਤ ਵਿੱਚ 17 ਮੈਗਾਵਾਟ ਦੀ ਕਟੌਤੀ ਵੀ ਆਈ ਹੈ। ਇਸ ਦੇ ਨਾਲ ਹੀ ਕਾਰਬਨਡਾਈਆਕਸਾਇਡ ਗੈਸ ਦੀ ਸਾਲਾਨਾ ਨਿਕਾਸੀ ਵਿੱਚ 66000 ਟਨ ਦੀ ਕਟੌਤੀ ਦਰਜ਼ ਕੀਤੀ ਗਈ ਹੈ।
ਈਈਐਸਐਲ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਤਹਿਤ ਉਪਕਰਨਾਂ ਦੀਆਂ ਕੀਮਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਕ ਐਲ.ਈ.ਡੀ. ਬਲਬ ਦੀ ਕੀਮਤ 70 ਰੁਪਏ, ਇੱਕ ਐਲ.ਈ.ਡੀ. ਟਿਊਬ 220 ਰੁਪਏ ਅਤੇ ਛੱਤ ਵਾਲੇ ਦੇ ਪੱਖੇ ਦੀ ਕੀਮਤ 1110 ਰੁਪਏ ਹੈ। ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਸਥਿਤ ਵੱਖ-ਵੱਖ ਕੇਂਦਰਾਂ ਤੋਂ ਖਪਤਕਾਰ ਇਹ ਉਪਕਰਨ ਖਰੀਦ ਸਕਦੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਬਿਜਲੀ ਵੀ ਇਸ ਮੌਕੇ ਸੰਬੋਧਨ ਕਰਨਗੇ। ਜਦਕਿ ਈ.ਈ.ਐਸ.ਐਲ. (ਪੰਜਾਬ) ਦੇ ਖੇਤਰੀ ਮੈਨੇਜਰ ਸ੍ਰੀ ਨਿਤਿਨ ਭੱਟ ਵੱਲੋਂ ਉਜਾਲਾ ਮੁਹਿੰਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੀਐਸਪੀਸੀਐਲ ਦੇ ਸੀ.ਐਮ.ਡੀ. ਸ੍ਰੀ ਏ. ਵੇਨੂੰ ਪ੍ਰਸਾਦ ਲੋਕਾਂ ਦਾ ਧੰਨਵਾਦ ਕਰਨਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…