Nabaz-e-punjab.com

ਪਿੰਡ ਗੁੰਨੋਮਾਜਰਾ ਤੋਂ ਸਰਪੰਚੀ ਦੀ ਪੀੜਤ ਉਮੀਦਵਾਰ ਨੇ ਪੋਲਿੰਗ ਸਟਾਫ਼ ’ਤੇ ਲਗਾਏ ਧੱਕੇਸ਼ਾਹੀ ਕਰਨ ਦਾ ਦੋਸ਼

ਪੰਜਾਬ ਦੇ ਮੁੱਖ ਚੋਣ ਕਮਿਸ਼ਨ ਤੇ ਰਿਟਰਨਿੰਗ ਅਫ਼ਸਰ ਤੋਂ ਜਾਂਚ ਮੰਗ, ਜ਼ਿੰਮੇਵਾਰ ਸਟਾਫ਼ ਦੇ ਖ਼ਿਲਾਫ਼ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਮਾਜਰੀ ਬਲਾਕ ਦੇ ਪਿੰਡ ਗੁੰਨੋਮਾਜਰਾ ਤੋਂ ਸਰਪੰਚੀ ਦੀ ਚੋਣ ਲੜਨ ਵਾਲੀ ਉਮੀਦਵਾਰ ਬੀਬੀ ਜਸਵੀਰ ਕੌਰ ਅਤੇ ਉਸ ਦੇ ਸਮਰਥਕਾਂ ਨੇ ਪੋਲਿੰਗ ਸਟਾਫ਼ ’ਤੇ ਵੋਟਾਂ ਦੀ ਗਿਣਤੀ ਵੇਲੇ ਕਥਿਤ ਤੌਰ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਪੁਲੀਸ ਅਤੇ ਸਟਾਫ਼ ਦੇ ਹਾੜੇ ਕੱਢਦੇ ਰਹੇ ਲੇਕਿਨ ਉਨ੍ਹਾਂ ਦੀ ਕਿਸੇ ਨੇ ਪੁਕਾਰ ਨਹੀਂ ਸੁਣੀ ਅਤੇ ਨਤੀਜਾ ਐਲਾਨ ਦਿੱਤਾ।
ਅੱਜ ਇੱਥੇ ਗੱਲਬਾਤ ਦੌਰਾਨ ਪੀੜਤ ਉਮੀਦਵਾਰ ਜਸਵੀਰ ਕੌਰ ਅਤੇ ਸਾਬਕਾ ਸਰਪੰਚ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਅਤੇ ਸਮਰਥਕ ਬਹਾਦਰ ਸਿੰਘ ਤੇ ਹਰਪਿੰਦਰ ਸਿੰਘ ਨੇ ਦੱਸਿਆ ਕਿ 30 ਦਸੰਬਰ ਨੂੰ ਪੰਚਾਇਤ ਚੋਣਾਂ ਸਬੰਧੀ ਵੱਡੇ ਪੱਧਰ ’ਤੇ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਸਟਾਫ਼ ਨੇ ਜਸਵੀਰ ਕੌਰ ਨੂੰ 202 ਅਤੇ ਵਿਰੋਧੀ ਉਮੀਦਵਾਰ ਕੁਲਵਿੰਦਰ ਸਿੰਘ ਨੂੰ 187 ਵੋਟਾਂ ਪੈਣ ਅਤੇ 5 ਵੋਟਾਂ ਰੱਦ ਕਰਨ ਬਾਰੇ ਦੱਸਿਆ ਗਿਆ ਸੀ। ਇਸ ਮਗਰੋਂ ਪੰਚਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਪਹਿਲੇ ਦੋ ਪੰਚ ਵੀ ਉਨ੍ਹਾਂ ਦੇ ਧੜੇ ਦੇ ਜੇਤੂ ਲੀਡ ਲੈ ਰਹੇ ਸੀ। ਇਸ ਤੋਂ ਕਰੀਬ ਅੱਧੇ ਘੰਟੇ ਬਾਅਦ ਚੋਣ ਅਮਲੇ ਦੇ ਇੱਕ ਮੈਂਬਰ ਨੂੰ ਕਿਸੇ ਦਾ ਫੋਨ ਆਇਆ ਤਾਂ ਇਸ ਮਗਰੋਂ ਉਨ੍ਹਾਂ ਦੇ ਤੇਵਰ ਹੀ ਬਦਲ ਗਏ।
ਪੀੜਤ ਉਮੀਦਵਾਰ ਨੇ ਦੱਸਿਆ ਕਿ ਸੁਣਨ ਤੋਂ ਬਾਅਦ ਸਟਾਫ਼ ਮੈਂਬਰ ਦਾ ਕਹਿਣਾ ਸੀ ਕਿ ਪਹਿਲਾਂ ਗਲਤੀ ਨਾਲ ਕੁਲਵਿੰਦਰ ਸਿੰਘ ਦੀ ਥਾਂ ਜਸਵੀਰ ਕੌਰ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ ਜਦੋਂਕਿ ਕੁਲਵਿੰਦਰ ਸਿੰਘ ਨੂੰ 202 ਅਤੇ ਜਸਵੀਰ ਕੌਰ ਨੂੰ 187 ਵੋਟਾਂ ਮਿਲੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਅਮਲੇ ਨੇ ਦੂਜੀ ਧਿਰ ਨਾਲ ਮਿਲ ਕੇ ਚੋਣਾਂ ਦੇ ਨਤੀਜਿਆਂ ਨੂੰ ਬਦਲਿਆ ਗਿਆ ਹੈ, ਜੋ ਸਰਾਸਰ ਗਲਤ ਅਤੇ ਲੋਕਤੰਤਰ ਦੇ ਖ਼ਿਲਾਫ਼ ਹੈ। ਉਨ੍ਹਾਂ ਮੰਗ ਕੀਤੀ ਕਿ ਵੋਟਾਂ ਦੀ ਗਿਣਤੀ ਵਿੱਚ ਕਥਿਤ ਹੇਰਾਫੇਰੀ ਕਰਨ ਵਾਲੇ ਪੋਲਿੰਗ ਸਟਾਫ਼ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਗੁੰਨੋਮਾਜਰਾ ਵਿੱਚ ਦੁਬਾਰਾ ਨਿਰਪੱਖ ਚੋਣ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਉਹ ਭਲਕੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨ ਨੂੰ ਮਿਲਕੇ ਪਟੀਸ਼ਨ ਦਾਇਰ ਕਰਨਗੇ।
(ਬਾਕਸ ਆਈਟਮ)
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਸਬੰਧੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਦੀ ਵੱਖ ਵੱਖ ਪਹਿਲੂਆਂ ’ਤੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਅੱਜ ਹੀ ਚੋਣ ਟ੍ਰਿਬਿਊਨਲ ਦੇ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਹੋਏ ਹਨ। ਜਿਸ ਦੇ ਤਹਿਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…