
ਜਲ ਸਪਲਾਈ ਵਿਭਾਗ ਨੇ ਝਿਊਰਹੇੜੀ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ
ਗਰਾਮ ਪੰਚਾਇਤ ਵੱਲ ਬਿਜਲੀ ਬਿੱਲ ਬਕਾਇਆ, ਸਿਹਤ ਵਿਭਾਗ ਦੀ ਟੀਮ ਅੱਜ ਲਏਗੀ ਪਾਣੀ ਦੇ ਸੈਂਪਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਵਸਦੇ ਪਿੰਡ ਝਿਊਰਹੇੜੀ ਵਿੱਚ ਸੋਮਵਾਰ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਨੇ ਲੋਕਾਂ ਦੀ ਪੰਚ ਜਸਵਿੰਦਰ ਸਿੰਘ ਅਤੇ ਹਰਦੀਪ ਸਿੰਘ ਸਮੇਤ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਘਰਾਂ ਵਿੱਚ ਸਪਲਾਈ ਹੁੰਦੇ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ‘ਨਬਜ਼-ਏ-ਪੰਜਾਬ’ ਵੱਲੋਂ ਪਿੰਡ ਝਿਊਰਹੇੜੀ ਵਿੱਚ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਗਰਾਮ ਪੰਚਾਇਤ ਖ਼ਿਲਾਫ਼ ਰੋਸ ਮੁਜ਼ਾਹਰਾ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਬਾਅਦ ਵਿਭਾਗ ਨੇ ਗੂੜੀ ਨੀਂਦ ਤੋਂ ਜਾਗਦਿਆਂ ਪਾਣੀ ਦੇ ਸੈਂਪਲ ਲਏ ਗਏ ਹਨ। ਅੱਜ ਦੇਰ ਸ਼ਾਮ ਇਸ ਗੱਲ ਦੀ ਪੁਸ਼ਟੀ ਕਰਦਿਆਂ ਜਲ ਸਪਲਾਈ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇਈ) ਗੁਰਪ੍ਰੀਤ ਸਿੰਘ ਨੇ ਪਿੰਡ ਝਿਊਰਹੇੜੀ ਦੇ ਜ਼ਿਆਦਾ ਪ੍ਰਭਾਵਿਤ ਮੁਹੱਲੇ ’ਚੋਂ 4-5 ਪਾਣੀ ਦੇ ਸੈਂਪਲ ਲਏ ਹਨ। ਲੈਬਾਰਟਰੀ ਬੰਦ ਹੋਣ ਕਾਰਨ ਹੁਣ ਭਲਕੇ ਮੰਗਲਵਾਰ ਨੂੰ ਸੈਂਪਲ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਪਹਿਲਾਂ ਟਿਊਬਵੈੱਲ ਦੇ ਪਾਣੀ ਵਿੱਚ ਰੇਤ ਆਉਂਦਾ ਸੀ ਅਤੇ ਹੁਣ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਬਸਪਾ ਆਗੂ ਜਸਵਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਉਨ੍ਹਾਂ ਦੇ ਘਰਾਂ ਵਿੱਚ ਗੰਧਲਾ ਪਾਣੀ ਸਪਲਾਈ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੀਮਾਰ ਹੋਣ ਦੀ ਗੱਲ ਕਹੀ ਸੀ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਵੱਲ 44,38,080 ਰੁਪਏ ਬਿਜਲੀ ਬਿੱਲ ਬਕਾਇਆ ਖੜਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦਾ ਇਹ ਦਾਅਵਾ ਬਿਲਕੁੱਲ ਝੂਠਾ ਹੈ ਕਿ ਪਿੰਡ ਵਾਸੀ ਬਿਨਾਂ ਪੁੱਛੇ ਕੁਨੈਕਸ਼ਨ ਲਾ ਲੈਂਦੇ ਹਨ ਅਤੇ ਬਿੱਲ ਵੀ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਿੰਡ ਵਾਸੀ ਲੇ ਪਾਣੀ ਦਾ ਕੁਨੈਕਸ਼ਨ ਜੋੜਨਾ ਹੁੰਦਾ ਹੈ ਤਾਂ ਇਸ ਸਬੰਧੀ ਸਰਪੰਚ ਨੂੰ ਇਤਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲਘਰ ਵਿੱਚ ਨਾ ਕੋਈ ਪਾਣੀ ਵਿੱਚ ਦਵਾਈ ਪਾਉਣ ਵਾਲੀ ਮਸ਼ੀਨ ਹੈ ਅਤੇ ਨਾ ਹੀ ਪੰਚਾਇਤ ਨੇ ਕਦੇ ਪਾਣੀ ਦਾ ਸੈਂਪਲ ਭਰਵਾਇਆ ਹੈ।
ਉਧਰ, ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਭਰੋਸਾ ਦਿੱਤਾ ਕਿ ਭਲਕੇ 12 ਜੁਲਾਈ ਨੂੰ ਸਵੇਰੇ 9 ਵਜੇ ਪਾਣੀ ਦੇ ਸੈਂਪਲ ਭਰਨ ਲਈ ਸਿਹਤ ਵਿਭਾਗ ਦੀ ਟੀਮ ਭੇਜੀ ਜਾਵੇਗੀ। ਇਸ ਮੌਕੇ ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ, ਗਿਰਧਰੀ ਲਾਲ, ਰਾਮ ਕੁਮਾਰ, ਸੁਨੀਤਾ ਰਾਣੀ, ਪੁਸ਼ਪਾ ਰਾਣੀ ਅਤੇ ਹੋਰ ਪਿੰਡ ਵਾਸੀਆਂ ਨੇ ਵੀ ਕਾਫ਼ੀ ਦਿਨਾਂ ਤੋਂ ਗੰਧਲਾ ਪਾਣੀ ਸਪਲਾਈ ਹੋਣ ਬਾਰੇ ਦੱਸਿਆ ਸੀ।