ਵਾਈਟ ਹਾਊਸ ਨੇ 78 ਅਤਿਵਾਦੀ ਹਮਲਿਆਂ ਦੀ ਸੂਚੀ ਕੀਤੀ ਜਾਰੀ, ਟਰੰਪ ਨੇ ਕਿਹਾ ਮੀਡੀਆ ਨਹੀਂ ਦਿੰਦਾ ਤਵੱਜੋਂ
ਨਬਜ਼-ਏ-ਪੰਜਾਬ ਬਿਊਰੋ, ਵਾਸ਼ਿੰਗਟਨ, 7 ਫਰਵਰੀ:
ਵਾਈਟ ਹਾਊਸ ਨੇ ਅਜਿਹੇ 78 ਅੱਤਵਾਦੀ ਹਮਲਿਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਉਸ ਦੇ ਮੁਤਾਬਕ ਜਾਂ ਤਾਂ ਮੀਡੀਆ ਵਲੋਂ ਕਵਰ ਹੀ ਨਹੀਂ ਕੀਤੇ ਗਏ ਜਾਂ ਫਿਰ ਉਨ੍ਹਾਂ ਬਾਰੇ ਬਹੁਤ ਹੀ ਘੱਟ ਜਾਣਕਾਰੀ ਦਿੱਤੀ ਗਈ। ਇਹ ਸੂਚੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੇ ਫੌਜੀ ਕਮਾਂਡਰਾਂ ਦਾ ਸੰਮੇਲਨ ਆਯੋਜਿਤ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੀ ਗਈ ਹੈ। ਇਸ ਸੰਮੇਲਨ ਵਿੱਚ ਟਰੰਪ ਨੇ ਕਿਹਾ ਸੀ ਕਿ ਮੀਡੀਆ ਕਈ ਅਤਿਵਾਦੀ ਹਮਲਿਆਂ ਦੀ ਖ਼ਬਰ ਨਹੀਂ ਦੇ ਰਿਹਾ ਹੈ। ਟਰੰਪ ਨੇ ਦੋਸ਼ ਲਾਇਆ ਕਿ ਕਈ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਬੇਈਮਾਨ ਪ੍ਰੈਸ ਇਸ ਦੀ ਖ਼ਬਰ ਦੇਣਾ ਹੀ ਨਹੀਂ ਚਾਹੁੰਦਾ।
ਟਰੰਪ ਨੇ ਕਿਹਾ ਕਿ ਕਟੜਪੰਥੀ ਇਸਲਾਮੀ ਅੱਤਵਾਦੀ ਸਾਡੇ ਦੇਸ਼ ਤੇ ਹਮਲਾ ਬੋਲਣ ਲਈ ਵਚਨਬੱਧ ਹਨ, ਠੀਕ ਉਂਝ ਹੀ ਜਿਵੇਂ ਉਨ੍ਹਾਂ ਨੇ 9/11 ਨੂੰ ਹਮਲਾ ਬੋਲਿਆ। ਤੁਸੀਂ ਦੇਖਿਆ ਹੀ ਹੋਵੇਗਾ ਕਿ ਪੈਰਿਸ ਅਤੇ ਨੀਸ ਵਿੱਚ ਕੀ ਹੋਇਆ ਅਤੇ ਪੂਰੇ ਯੂਰਪ ਵਿਚ ਅਜਿਹਾ ਹੋ ਰਿਹਾ ਹੈ। ਇਹ ਇਕ ਅਜਿਹੇ ਪੱਧਰ ਤੇ ਪਹੁੰਚ ਗਿਆ ਹੈ ਕਿ ਇਸ ਬਾਰੇ ਹੁਣ ਖਬਰਾਂ ਤੱਕ ਨਹੀਂ ਦਿੱਤੀ ਜਾ ਰਹੀਆਂ ਹਨ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਇਨ੍ਹਾਂ ਦੋਸ਼ਾਂ ਨੂੰ ਦੋਹਰਾਇਆ ਅਤੇ ਅਜਿਹੇ ਹਮਲਿਆਂ ਦੀ ਸੂਚੀ ਦੇਣ ਦਾ ਵਾਅਦਾ ਕੀਤਾ। ਇਸ ਸੂਚੀ ਦੀ ਜਾਣਕਾਰੀ ਦਿੰਦੇ ਹੋਏ ‘ਸੀ. ਐਨ. ਐਨ.’ ਨੇ ਕਿਹਾ ਕਿ ਵ੍ਹਾਈਟ ਹਾਊਸ ਮੁਤਾਬਕ ਅਜਿਹੇ ਮਾਮਲਿਆਂ ਦੀ ਗਿਣਤੀ 78 ਹੈ। ਵ੍ਹਾਈਟ ਹਾਊਸ ਦੇ ਪੱਤਰਕਾਰ ਜਿਮ ਐਕੋਸਟਾ ਨੇ ਕਿਹਾ ਕਿ ਅਸੀਂ ਇੱਥੇ ਸੀ. ਐਨ. ਐਨ. ਵਿੱਚ ਅਤੇ ਕਈ ਹੋਰ ਕੌਮਾਂਤਰੀ ਖਬਰ ਸੰਗਠਨਾਂ ਨੇ ਵਿਆਪਕ ਕਵਰੇਜ਼ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਜੇਕਰ ਤੁਸੀਂ ਯਾਦ ਕਰੋ ਤਾਂ ਇਨ੍ਹਾਂ ਸਾਰਿਆਂ ਤੇ ਕਵਰੇਜ਼ ਹੋਈ। ਇਹ ਗੱਲ ਉਲਝਨ ਵਿੱਚ ਪਾਉਣ ਵਾਲੀ ਹੈ ਕਿ ਵ੍ਹਾਈਟ ਹਾਊਸ ਨੇ ਇਨ੍ਹਾਂ ਹਮਲਿਆਂ ਦੀ ਸੂਚੀ ਵਿੱਚ ਕਿਉਂ ਪਾਇਆ ਹੈ, ਜਦਕਿ ਇਨ੍ਹਾਂ ਬਾਰੇ ਖਬਰਾਂ ਦਿੱਤੀਆਂ ਗਈਆਂ ਸਨ।