
ਜੁਝਾਰ ਨਗਰ ਦੇ ਮਹਿਲਾ ਮੰਡਲ ਦੀਆਂ ਬੀਬੀਆਂ ਨੇ ਵਿਧਾਇਕ ਅੱਗੇ ਖੋਲ੍ਹਿਆ ਸਮੱਸਿਆਵਾਂ ਦਾ ਪਟਾਰਾ
ਜੁਝਾਰ ਨਗਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ: ਕੁਲਵੰਤ ਸਿੰਘ
ਮਹਿਲਾ ਮੰਡਲ ਦੀਆਂ ਬੀਬੀਆਂ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨਾਲ ਕੀਤੀ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਸੈਕਟਰ-79 ਸਥਿਤ ਆਪਣੇ ਦਫ਼ਤਰ ਵਿੱਚ ਜੁਝਾਰ ਨਗਰ ਦੀਆਂ ਅੌਰਤਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਠੱਪ ਪਏ ਪ੍ਰਾਜੈਕਟਾਂ ਬਾਰੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਇਨ੍ਹਾਂ ਵਿਕਾਸਮੁਖੀ ਸਕੀਮਾਂ ਨੂੰ ਪੜਾਅ-ਦਰ-ਪੜਾਅ ਲਾਗੂ ਕੀਤਾ ਜਾਵੇਗਾ।
ਮਹਿਲਾ ਮੰਡਲ ਦੀਆਂ ਬੀਬੀਆਂ ਨੇ ਆਪ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਕਿ ਜੁਝਾਰ ਨਗਰ ਦੇ ਲੋਕ ਨਰਕ ਭੋਗਣ ਲਈ ਮਜਬੂਰ ਹਨ। ਇੱਥੇ ਗੰਦਗੀ ਦੀ ਬਹੁਤ ਭਰਮਾਰ ਹੈ। ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਜੁਝਾਰ ਨਗਰ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਜਦੋਂਕਿ ਸਰਕਾਰੀ ਮੈਡੀਕਲ ਕਾਲਜ ਲਈ ਮੁਫ਼ਤ ਜ਼ਮੀਨ ਵੀ ਦਿੱਤੀ ਗਈ ਹੈ।
ਉਨ੍ਹਾਂ ਮੰਗ ਕੀਤੀ ਕਿ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਧਾਉਣ, ਅੌਰਤਾਂ ਨੂੰ 1 ਹਜ਼ਾਰ ਰੁਪਏ ਦੇ ਕੇ ਚੋਣ ਵਾਅਦਾ ਪੂਰਾ ਕਰਨ, ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਉਣ, ਕੂੜਾ ਕਰਕਟ ਦਾ ਨਿਪਟਾਰਾ, ਗਲੀਆਂ-ਨਾਲੀਆਂ ਦੀ ਗੰਦਗੀ ਤੋਂ ਛੁਟਕਾਰਾ ਦਿਵਾਉਣ, ਆਂਗਨਵਾੜੀ ਲਈ ਗਰਾਂਟ, ਗਰੀਬ ਲੋਕਾਂ ਦੀ ਸਹੂਲਤ ਲਈ ਜੁਝਾਰ ਨਗਰ ਵਿੱਚ ਵੀ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇ, ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ ਪਹੁੰਚ ਸੜਕ ਬਣਾਉਣ ਦਾ ਕੰਮ ਜਲਦੀ ਨੇਪਰੇ ਚਾੜਿਆ ਜਾਵੇ। ਸਰਕਾਰੀ ਸਕੂਲ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ। ਇਸ ਸਬੰਧੀ ਅੌਰਤਾਂ ਦੇ ਵਫ਼ਦ ਨੇ ਵਿਧਾਇਕ ਨੂੰ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਆਪ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਅਕਵਿੰਦਰ ਸਿੰਘ ਗੋਸਲ, ਤਰਲੋਚਨ ਸਿੰਘ ਮਟੌਰ, ਕੁਲਦੀਪ ਸਿੰਘ, ਨਰਿੰਦਰ ਸਿੰਘ, ਗੁਰਦੇਵ ਸਿੰਘ, ਤਰਨਜੀਤ ਸਿੰਘ ਸਮੇਤ ਆਪ ਵਲੰਟੀਅਰ ਹਾਜ਼ਰ ਸਨ।