ਸ਼ਾਮਲਾਤ ਜ਼ਮੀਨ ’ਤੇ ਬਣਾਈ ਜਾ ਰਹੀ ਵਿਵਾਦਿਤ ਸੜਕ ਦਾ ਕੰਮ ਰੋਕਿਆ, ਸਰਪੰਚ ਤੇ ਪਿੰਡ ਵਾਸੀ ਆਹਮੋ ਸਾਹਮਣੇ

ਬਲੌਂਗੀ ਕਲੋਨੀ ਦੀ ਮਹਿਲਾ ਸਰਪੰਚ ਨੇ 21 ਤਰੀਕ ਨੂੰ ਕੀਤਾ ਸੀ ਸੜਕ ਬਣਾਉਣ ਦਾ ਉਦਘਾਟਨ

ਬੀਡੀਪੀਓ ਨੇ ਆਜ਼ਾਦ ਨਗਰ ਤੋਂ ਸਨਅਤੀ ਏਰੀਆ ਤੱਕ ਬਣਾਈ ਜਾ ਰਹੀ ਸੜਕ ਦੇ ਕੰਮ ’ਤੇ ਲਾਈ ਰੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਮੁਹਾਲੀ ਦੀ ਜੂਹ ਵਿੱਚ ਆਜ਼ਾਦ ਨਗਰ ਬਲੌਂਗੀ ਤੋਂ ਸਨਅਤੀ ਏਰੀਆ ਮੁਹਾਲੀ ਤੱਕ ਸ਼ਾਮਲਾਤ ਜ਼ਮੀਨ ’ਤੇ ਬਣਾਈ ਜਾ ਰਹੀ ਸੜਕ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਇਸ ਵਿਵਾਦਿਤ ਸੜਕ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਬਲੌਂਗੀ ਕਲੋਨੀ ਦੀ ਸਰਪੰਚ ਸਰੋਜ ਰਾਣੀ ਨੇ 21 ਅਗਸਤ ਨੂੰ ਕੀਤਾ ਸੀ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਬੀਡੀਪੀਓ ਨੇ ਕੰਮ ਰੁਕਵਾ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਆਪ ਵਿਧਾਇਕ ਕੁਲਵੰਤ ਸਿੰਘ , ਬਲੌਂਗੀ ਦੇ ਸਰਪੰਚ ਬਹਾਦਰ ਸਿੰਘ, ਕਲੋਨੀ ਦੀ ਸਰਪੰਚ ਸਰੋਜ ਰਾਣੀ ਅਤੇ ਪਿੰਡ ਵਾਸੀ ਆਹਮੋ ਸਾਹਮਣੇ ਆ ਗਏ ਹਨ।
ਪੰਚ ਲਾਲ ਬਹਾਦਰ ਅਤੇ ਕਲੋਨੀ ਦੇ ਵਸਨੀਕਾਂ ਬਿਕਰਮ ਸਿੰਘ, ਡਾ. ਰਤਨ ਵਿਸ਼ਵਾਸ, ਓਮ ਪ੍ਰਕਾਸ਼ ਸ਼ਰਮਾ, ਹਰਜੀਤ ਸਿੰਘ, ਹੁਬਰਾਜ ਸਿੰਘ, ਅਵਤਾਰ ਸਿੰਘ, ਅਸ਼ੋਕ ਕੁਮਾਰ, ਪੁਨੀਤ ਕੁਮਾਰ, ਡਾ. ਅਮਨਦੀਪ ਸਿੰਘ, ਗੋਪਾਲ ਅਤੇ ਹੋਰਨਾਂ ਨੇ ਦੱਸਿਆ ਕਿ ਆਜ਼ਾਦ ਨਗਰ ਦੇ ਲੋਕ ਇਸ ਜ਼ਮੀਨ ਤੋਂ ਆਰਜ਼ੀ ਰਸਤੇ ਦੀ ਵਰਤੋਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹਨ। ਇੱਥੇ ਗੰਦੇ ਪਾਣੀ ਦੇ ਚੋਅ ’ਤੇ ਪੁਰਾਣਾ ਪੁਲ ਬਣਿਆ ਹੋਇਆ ਹੈ। ਲੋਕਾਂ ਦੀ ਮੰਗ ’ਤੇ ਮਹਿਲਾ ਸਰਪੰਚ ਨੇ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਸੀ। ਸੜਕ ਨਿਰਮਾਣ ਲਈ ਰੇਤਾ, ਬਜਰੀ, ਟਾਈਲਾਂ ਅਤੇ ਗਟਕਾ ਮੰਗਵਾ ਲਿਆ ਸੀ ਪਰ ਸੜਕ ਬਣਨ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ।
ਪਿੰਡ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਜਿੱਥੋਂ ਸੜਕ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਅਸਲ ਵਿੱਚ ਇਹ ਪੰਚਾਇਤੀ ਜ਼ਮੀਨ ਹੈ ਅਤੇ ਨਕਸ਼ੇ ਵਿੱਚ ਇੱਥੇ ਕੋਈ ਸੜਕ ਜਾਂ ਰਸਤਾ ਨਹੀਂ ਹੈ। ਲਿਹਾਜ਼ਾ ਇੱਥੇ ਸੜਕ ਦੀ ਉਸਾਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਕਲੋਨੀ ਦੀ ਸਰਪੰਚ ਨੇ ਸੜਕ ਬਣਾਉਣ ਸਬੰਧੀ ਪਿੰਡ ਦੀ ਪੰਚਾਇਤ ਨੂੰ ਭਰੋਸੇ ਵਿੱਚ ਨਹੀਂ ਲਿਆ ਅਤੇ ਆਪਣੇ ਪੱਧਰ ’ਤੇ ਕੰਮ ਸ਼ੁਰੂ ਕਰਵਾ ਦਿੱਤਾ, ਜੋ ਸਰਾਸਰ ਗਲਤ ਹੈ।
ਬਲੌਂਗੀ ਕਲੋਨੀ ਦੀ ਸਰਪੰਚ ਸਰੋਜ ਰਾਣੀ ਨੇ ਕਿਹਾ ਕਿ ਇਹ ਤਿੰਨ ਦਹਾਕੇ ਪੁਰਾਣਾ ਰਸਤਾ ਹੈ। ਲੋਕਾਂ ਦੀ ਮੰਗ ’ਤੇ ਕਲੋਲੀ ਪੰਚਾਇਤ ਨੇ ਮਤਾ ਪਾਸ ਕਰਕੇ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ ਪ੍ਰੰਤੂ ਹੁਣ ਪੰਚਾਇਤ ਸਕੱਤਰ ਨੇ ਕੰਮ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਬਲੌਂਗੀ ਦੇ ਕਰੀਬ 70 ਫੀਸਦੀ ਲੋਕ ਕੰਮ ਕਰਨ ਲਈ ਉਦਯੋਗਿਕ ਖੇਤਰ ਮੁਹਾਲੀ ਜਾਂਦੇ ਹਨ।

ਉਧਰ, ਇਸ ਸਬੰਧੀ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬਲੌਂਗੀ ਕਲੋਲੀ ਦੀ ਸਰਪੰਚ ਵੱਲੋਂ ਆਪਣੇ ਪੱਧਰ ’ਤੇ ਹੀ ਪੰਚਾਇਤੀ ਜ਼ਮੀਨ ਵਿੱਚ ਸੜਕ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ ਜਦੋਂਕਿ ਪਿੰਡ ਬਲੌਂਗੀ ਦੇ ਨਕਸ਼ੇ ਵਿੱਚ ਇੱਥੇ ਕੋਈ ਰਸਤਾ ਨਹੀਂ ਹੈ, ਅਸੂਲਨ ਇੱਥੇ ਸੜਕ ਨਹੀਂ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਬੀਡੀਪੀਓ ਨੂੰ ਇਸ ਮਾਮਲੇ ਦੀ ਡੂੰਘਾਈ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਬੀਡੀਪੀਓ ਨੇ ਮੌਕੇ ਦਾ ਜਾਇਜ਼ਾ ਲੈਣ ਅਤੇ ਮੁੱਢਲੀ ਜਾਂਚ ਤੋਂ ਬਾਅਦ ਸੜਕ ਦੀ ਉਸਾਰੀ ਦੇ ਕੰਮ ’ਤੇ ਰੋਕ ਲਗਾ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…