ਸ਼ਹਿਰ ਵਿੱਚ ਸਿਟੀ ਸਰਵੇਲੈੱਸ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦਾ ਕੰਮ ਜੰਗੀ ਪੱਧਰ ’ਤੇ ਜਾਰੀ

ਚਾਰ ਮਹੀਨਿਆਂ ਵਿੱਚ ਮੁਕੰਮਲ ਹੋਵੇਗਾ 17.70 ਕਰੋੜੀ ਪ੍ਰਾਜੈਕਟ: ਵਿਧਾਇਕ ਕੁਲਵੰਤ ਸਿੰਘ

ਪਹਿਲੇ ਪੜਾਅ ’ਚ 10 ਜੰਕਸ਼ਨ ਕਵਰ ਕੀਤੇ ਜਾਣਗੇ: ਡੀਸੀ ਆਸ਼ਿਕਾ ਜੈਨ

ਨਬਜ਼-ਏ-ਪੰਜਾਬ, ਮੁਹਾਲੀ, 28 ਜੂਨ:
ਮੁਹਾਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਟਰੈਫ਼ਿਕ ਨੂੰ ਸੁਚਾਰੂ ਬਣਾਉਣ ਅਤੇ ਉਲੰਘਣਾਵਾਂ ਨੂੰ ਰੋਕਣ ਲਈ ਸਿਟੀ ਸਰਵੀਲੈਂਸ ਅਤੇ ਟਰੈਫ਼ਿਕ ਪ੍ਰਬੰਧਨ ਪ੍ਰਣਾਲੀ ਦੀ ਸਥਾਪਨਾ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਅੱਜ ਇੱਥੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸ਼ਹਿਰ ਦੇ 20 ਜੰਕਸ਼ਨਾਂ ਨੂੰ ਵੱਖ-ਵੱਖ ਰੈਜ਼ੋਲਿਊਸ਼ਨ ਵਾਲੇ ਕੁੱਲ 400 ਕੈਮਰਿਆਂ ਨਾਲ ਕਵਰ ਕੀਤਾ ਜਾਵੇਗਾ ਅਤੇ ਬਾਕੀ ਸ਼ਹਿਰ ਨੂੰ ਦੂਜੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਸੈਸ਼ਨ ਦੌਰਾਨ ਛੇਤੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਵਿਧਾਇਕ ਨੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਹ ਪ੍ਰਾਜੈਕਟ 17.70 ਕਰੋੜ ਦੀ ਲਾਗਤ ਨਾਲ ਚਾਰ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪ੍ਰਾਜੈਕਟ ਵਿੱਚ ਦੇਰੀ ਦਾ ਕਾਰਨ ਬਣ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਸਾਰੀਆਂ ਮਨਜ਼ੂਰੀਆਂ ਦੇਣ ਲਈ ਨਗਰ ਨਿਗਮ ਅਤੇ ਗਮਾਡਾ ਵਿਚਕਾਰ ਤਾਲਮੇਲ ਨੂੰ ਯਕੀਨੀ ਬਣਾ ਕੇ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਏਕੀਕ੍ਰਿਤ ਨਿਗਰਾਨੀ ਪ੍ਰਣਾਲੀ ਸਾਰੇ ਨਾਗਰਿਕਾਂ ਲਈ ਵਧੇਰੇ ਸੁਰੱਖਿਅਤ ਮਾਹੌਲ ਬਣਾਉਣ ਵਿੱਚ ਯੋਗਦਾਨ ਪਾਵੇਗੀ। ਜਿਸ ਨਾਲ ਮੁਹਾਲੀ ਵਿੱਚ ਦੇ ਜਨ-ਜੀਵਨ ਨੂੰ ਵੱਡਾ ਲਾਭ ਮਿਲੇਗਾ।
ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਚੀਫ਼ ਇੰਜੀਨੀਅਰ ਰਣਜੋਧ ਸਿੰਘ ਨੇ ਦੱਸਿਆ ਕਿ ਆਈਪੀਐਸ ਐੱਸਐੱਸ ਚੌਹਾਨ ਦੀ ਅਗਵਾਈ ਹੇਠ ਇਸ ਪ੍ਰਾਜੈਕਟ ਵਿੱਚ 216 ਏਐਨਪੀਆਰ ਕੈਮਰੇ, 63 ਆਰਐਲਵੀਡੀ ਕੈਮਰੇ, 104 ਬੁਲੇਟ ਕੈਮਰੇ ਅਤੇ ਮੁਹਾਲੀ ਦੇ 18 ਵੱਖ-ਵੱਖ ਜੰਕਸ਼ਨਾਂ ’ਤੇ 22 ਪੀਟੀਜ਼ੈੱਡ ਕੈਮਰਿਆਂ ਨਾਲ ਲੈੱਸ ਹੋਵੇਗਾ। ਇਸ ਤੋਂ ਇਲਾਵਾ ਏਅਰਪੋਰਟ ਸੜਕ ’ਤੇ ਦੋ ਸਥਾਨਾਂ ’ਤੇ ਸਪੀਡ ਵਾਇਲੇਸ਼ਨ ਡਿਟੈਕਸ਼ਨ ਸਿਸਟਮ ਲਗਾਇਆ ਜਾਵੇਗਾ। ਈ-ਚਲਾਨ ਪਲੇਟਫਾਰਮ ਐਨਆਈਸੀ ਆਧਾਰਿਤ ਡੇਟਾਬੇਸ ਜਿਵੇਂ ਕਿ ਵਾਹਨ ਅਤੇ ਸਾਰਥੀ ਨਾਲ ਏਕੀਕ੍ਰਿਤ ਹੋਵੇਗਾ। ਇਸ ਪ੍ਰਣਾਲੀ ਲਈ ਕਮਾਂਡ ਐਂਡ ਕੰਟਰੋਲ ਸੈਂਟਰ ਸੋਹਾਣਾ ਥਾਣੇ ਦੀ ਇਮਾਰਤ ਦੀ ਪਹਿਲੀ ਮੰਜ਼ਲ ’ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਨੂੰ 30 ਸਤੰਬਰ 2024 ਤੱਕ ਪੂਰਾ ਕੀਤਾ ਜਾਵੇਗਾ।
ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਐਸਐਸ ਚੌਹਾਨ ਨੇ ਕਿਹਾ ਕਿ ਇੱਕ ਵਾਰ ਸਿਸਟਮ ਲਾਈਵ ਹੋ ਜਾਣ ਤੋਂ ਬਾਅਦ ਇਹ ਬਿਨਾਂ ਹੈਲਮੇਟ ਦੇ ਸਵਾਰੀ ਤੋਂ ਇਲਾਵਾ ਰੈੱਡ ਲਾਈਟ ਜੰਪਿੰਗ, ਓਵਰਸਪੀਡਿੰਗ ਅਤੇ ਟ੍ਰਿਪਲ ਰਾਈਡਿੰਗ ਸਮੇਤ ਵੱਖ-ਵੱਖ ਟਰੈਫ਼ਿਕ ਉਲੰਘਣਾ ਲਈ ਈ-ਚਲਾਨ ਬਣਾਉਣਾ ਸ਼ੁਰੂ ਕਰ ਦੇਵੇਗਾ।
ਐੱਸਐੱਸਪੀ ਸੰਦੀਪ ਗਰਗ ਨੇ ਕਿਹਾ ਕਿ ਸਿਸਟਮ ਰਾਹੀਂ ਜਨਤਕ ਥਾਵਾਂ ਦੀ ਨਿਗਰਾਨੀ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਤੇਜ਼ੀ ਨਾਲ ਕਾਰਵਾਈ ਕਰਨ ਦੀ ਸਮਰੱਥਾ ਨੂੰ ਵਧਾਏਗੀ। ਭੀੜ-ਭੜੱਕੇ ਵਾਲੇ ਜੰਕਸ਼ਨਾਂ ’ਤੇ ਰਣਨੀਤਕ ਤੌਰ ’ਤੇ ਲਗਾਏ ਗਏ ਉੱਚ-ਰੈਜ਼ੋਲੂਸ਼ਨ ਕੈਮਰੇ ਅਸਲ-ਸਮੇਂ ਦੀ ਫੁਟੇਜ ਨੂੰ ਕੈਪਚਰ ਕਰਨਗੇ ਜੋ ਅਪਰਾਧੀਆਂ ਦੀ ਤੁਰੰਤ ਪਛਾਣ ਅਤੇ ਸ਼ੰਕਾ ਦੂਰ ਕਰਨ ਵਿੱਚ ਸਹਾਇਤਾ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ ਸੈਕਟਰ-71 ਆਈਵੀ…