
ਪਿਛਲੇ ਦੋ ਮਹੀਨਿਆਂ ਤੋਂ ਠੱਪ ਪਿਆ ਹੈ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ
ਕੌਂਸਲਰ ਕੁਲਜੀਤ ਬੇਦੀ ਤੇ ਭਾਜਪਾ ਆਗੂ ਅਰੁਣ ਸ਼ਰਮਾ ਨੇ ਕਮਿਸ਼ਨਰ ਨੂੰ ਲਿਖੇ ਪੱਤਰ, ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ
ਵਿਭਾਗ ਤੇ ਇਤਰਾਜ ਤੋਂ ਬਾਅਦ ਪਿਛਲੇ ਠੇਕੇਦਾਰ ਨੂੰ ਐਕਸਟੈਂਸ਼ਨ ਦੇ ਕੇ ਕਰਵਾਇਆ ਜਾ ਰਿਹਾ ਹੈ ਕੁੱਤਿਆਂ ਦੀ ਨਸਬੰਦੀ ਦਾ ਕੰਮ: ਕਮਿਸ਼ਨਰ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਮੁਹਾਲੀ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਅਵਾਰਾ ਕੁੱਤਿਆਂ ਦੀ ਕੀਤੀ ਜਾਣ ਨਸਬੰਦੀ ਦੀ ਕਾਰਵਾਈ ਪਿਛਲੇ ਦੋ ਮਹੀਨਿਆਂ ਤੋਂ ਠੱਪ ਪਈ ਹੈ? ਅਤੇ ਇਸ ਦੇ ਜਲਦੀ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਕੰਮ ਲਈ ਪ੍ਰਵਾਨਗੀ ’ਤੇ ਮੋਹਰ ਲਗਾਉਣ ਦੀ ਬਜਾਏ ਕਾਰਪੋਰੇਸ਼ਨ ਨੂੰ ਐਨਮਲੀ ਹਸਬੈਂਡਰੀ ਵਿਭਾਗ ਨਾਲ ਤਾਲਮੇਲ ਕਰਨ ਲਈ ਆਖ ਦਿੱਤਾ ਹੈ। ਇਸ ਦੌਰਾਨ ਜਿਥੇ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੇ ਮਾਮਲੇ ਵੱਧ ਰਹੇ ਹਨ, ਉੱਥੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਸ਼ਹਿਰ ਵਾਸੀ ਕਾਫੀ ਸਹਿਮੇ ਹੋਏ ਹਨ।
ਜ਼ਿਕਰਯੋਗ ਹੈ ਕਿ ਮਾਣਯੋਗ ਅਦਾਲਤ ਵੱਲੋਂ ਅਵਾਰਾ ਕੁੱਤਿਆਂ ਨੂੰ ਮਾਰਨ ’ਤੇ ਪਾਬੰਦੀ ਲਗਾਏ ਜਾਣ ਕਾਰਨ ਕਾਰਪੋਰੇਸ਼ਨ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ। ਜਿਸ ਦੌਰਾਨ ਕਾਰਪੋਰੇਸ਼ਨ ਦੇ ਸਟਾਫ ਵੱਲੋਂ ਅਵਾਰਾ ਕੁੱਤਿਆਂ ਨੂੰ ਫੜਨ ਤੋਂ ਪਾ੍ਰਈਵੇਟ ਡਾਕਟਰ ਵੱਲੋਂ ਉਨ੍ਹਾਂ ਦਾ ਨਸਬੰਦੀ ਦਾ ਅਪਰੇਸ਼ਨ ਕੀਤਾ ਜਾਂਦਾ ਹੈ। ਇਸ ਸਬੰਧੀ ਪ੍ਰਤੀ ਅਪਰੇਸ਼ਨ (ਦਵਾਈਆਂ ਅਤੇ ਖਰਚੇ) 1500 ਰੁਪਏ ਦੇ ਕਰੀਬ ਖਰਚਾ ਆਉਂਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਮਹੀਨੇ ਪਹਿਲਾਂ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਨਗਰ ਨਿਗਮ ਵਲੋੱ ਕੁੱਤਿਆਂ ਦੀ ਨਸਬੰਦੀ ਦੇ ਕੰਮ ਲਈ 5 ਲੱਖ ਰੁਪਏ ਖਰਚ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਜਿਸਨੂੰ ਸਥਾਨਕ ਸਰਕਾਰ ਵਿਭਾਗ ਦੀ ਮੰਜੂਰੀ ਲਈ ਅੱਗੇ ਭੇਜਿਆ ਗਿਆ ਸੀ ਪਰੰਤੂ ਸਥਾਨਕ ਸਰਕਾਰ ਵਿਭਾਗ ਵਲੋੱ ਇਸ ਮਤੇ ਤੇ ਇਹ ਇਤਰਾਜ ਲਗਾ ਦਿੱਤਾ ਗਿਆ ਕਿ ਕੁੱਤਿਆਂ ਦੀ ਨਸਬੰਦੀ ਤੇ ਕੀਤੇ ਜਾਣ ਵਾਲੇ ਖਰਚ (ਪ੍ਰਤੀ ਅਪਰੇਸ਼ਨ) ਨੂੰ ਪਹਿਲਾਂ ਐਨੀਮਲ ਹਸਬੈਂਡਰੀ ਵਿਭਾਗ ਤੋਂ ਪਾਸ ਕਰਵਾਇਆ ਜਾਵੇ। ਕੁੱਤਿਆਂ ਦੀ ਨਸਬੰਦੀ ਲਈ ਕੀਤੇ ਜਾਣ ਵਾਲੇ ਖਰਚੇ ਦੀ ਕਾਰਵਾਈ ਦੇ ਇਸ ਤਰੀਕੇ ਨਾਲ ਵਿਭਾਗੀ ਇਤਰਾਜਾਂ ਵਿੱਚ ਉਲਝ ਜਾਣ ਕਾਰਨ ਨਗਰ ਨਿਗਮ ਵਲੋੱ ਇਸ ਸੰਬਧੀ ਕੀਤਾ ਜਾਣ ਵਾਲਾ ਟੈਂਡਰ ਜਾਰੀ ਹੀ ਨਹੀਂ ਹੋ ਪਾਇਆ ਅਤੇ ਪਿਛਲਾ ਟੈਂਡਰ ਵੀ ਦਸੰਬਰ 2016 ਵਿੱਚ ਖਤਮ ਹੋ ਜਾਣ ਕਾਰਨ ਇਹ ਕੰਮ ਜਨਵਰੀ ਮਹੀਨੇ ਤੋੱ ਹੀ ਰੁਕਿਆ ਹੋਇਆ ਹੈ ਅਤੇ ਇਸਦੇ ਹਾਲ ਫਿਲਹਾਲ ਵਿੱਚ ਚਾਲੂ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਦਿਖ ਰਹੀ ਹੈ।
ਇਸ ਸਬੰਧੀ ਮਿਉਂਸਪਲ ਕਾਰਪੋਰੇਸ਼ਨ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋੱ ਇਸ ਮਾਮਲੇ ਵਿੱਚ ਵਰਤੀ ਗਈ ਢਿੱਲ ਕਾਰਨ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਵੱਧ ਰਹੀ ਹੈ ਅਤੇ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਵੀ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਾਰਪੋਰੇਸ਼ਨ ਦੇ ਸੈਨੇਟਰੀ ਵਿੰਗ ਵੱਲੋਂ 1154 ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ ਜਦਕਿ ਇਸ ਸਾਲ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਸਬੰਧੀ ਟੈੱਡਰ ਹੀ ਜਾਰੀ ਨਹੀਂ ਹੋ ਸਕਿਆ। ਉਨ੍ਹਾਂ ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਦਿਨੋ ਦਿਨ ਵਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਤੁਰੰਤ ਠੋਸ ਕਦਮ ਚੁਕੇ ਜਾਣ ਦੀ ਮੰਗ ਕੀਤੀ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਮਤੇ ’ਤੇ ਇਤਰਾਜ਼ ਲਗਾਉਣ ਕਾਰਨ ਨਵੇਂ ਟੈਂਡਰ ਜਾਰੀ ਨਹੀਂ ਹੋਏ ਹਨ ਪ੍ਰੰਤੂ ਨਿਗਮ ਵੱਲੋਂ ਪਿਛਲੇ ਠੇਕੇਦਾਰ ਨੂੰ ਐਕਸਟੈਂਸ਼ਨ ਦੇ ਕੇ ਆਰਜੀ ਤੌਰ ’ਤੇ ਇਹ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਕਰੀਬ 100 ਤੋਂ ਵੱਧ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਦੀ ਅਗਲੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਨਵੇਂ ਸਿਰੇ ਤੋਂ ਟੈਂਡਰ ਲਗਾ ਕੇ ਇਸ ਕੰਮ ਨੂੰ ਪੂਰੀ ਰਫ਼ਤਾਰ ਨਾਲ ਕਰਵਾਇਆ ਜਾਵੇਗਾ।
ਇਸੇ ਦੌਰਾਨ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਬੀਤੇ ਦਿਨੀਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਫੇਜ਼ 5 ਦੇ ਰਿਹਾਇਸ਼ੀ ਖੇਤਰ ਸਮੇਤ ਹੋਰਨਾਂ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਸ਼ਹਿਰ ਵਾਸੀ ਕਾਫੀ ਅੌਖੇ ਹਨ। ਕਿਉਂਕਿ ਸਾਂਭ ਸੰਭਾਲ ਨਾ ਹੋਣ ਕਾਰਨ ਅਵਾਰਾ ਕੁੱਤੇ ਖੂੰਖਾਰ ਹੋ ਚੁੱਕੇ ਹਨ ਅਤੇ ਹੁਣ ਤੱਕ ਕਈ ਕਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੱਟਿਆਂ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਪ੍ਰਤੀ ਕੁੱਤਾ 1500 ਰੁਪਏ ਅਤੇ ਕੁੱਤੀ 1550 ਰੁਪਏ ਨਸਬੰਦੀ ’ਤੇ ਖ਼ਰਚ ਕੀਤੇ ਜਾ ਰਹੇ ਹਨ। ਹਰੇਕ ਮਹੀਨੇ 1.83 ਲੱਖ ਅਤੇ ਸਾਲ ਦਾ 21 ਲੱਖ 96 ਹਜ਼ਾਰ ਰੁਪਏ ਖਰਚਾ ਦੱਸਿਆ ਗਿਆ ਹੈ। ਮੌਜੂਦਾ ਸਮੇਂ ਵਿੱਚ ਸ਼ਹਿਰ ਦੀ ਸਭ ਤੋਂ ਗੰਭੀਰ ਸਮੱਸਿਆ ਬਣ ਚੁੱਕੀ ਹੈ।
ਉਧਰ, ਮੁਹਾਲੀ ਸੁਸਾਇਟੀ ਫਾਰ ਫਾਸਟ ਜਸਟਿਸ ਦੇ ਪ੍ਰਧਾਨ ਐ.ਐਸ. ਸੋਢੀ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਮਿਉਂਸਪਲ ਕਾਰਪੋਰੇਸ਼ਨ ਦੇ ਖ਼ਿਲਾਫ਼ ਲੋਕ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਅਧਿਕਾਰੀਆਂ ਦੀ ਨੀਂਦ ਉੱਡਾ ਦਿੱਤੀ ਹੈ। ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਨਿਗਮ ਨੂੰ 7 ਸਤੰਬਰ ਲਈ ਨੋਟਿਸ ਜਾਰੀ ਕਰਕੇ ਲਿਖਤ ਰੂਪ ਵਿੱਚ ਆਪਣਾ ਪੱਖ ਰੱਖਣ ਲਈ ਆਖਿਆ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਮਿਉਂਸਪਲ ਕਾਰਪੋਰੇਸ਼ਨ ਆਈਟੀ ਸਿਟੀ ਮੁਹਾਲੀ ਵਿੱਚ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਲਾਗੂ ਕਰਨ ਵਿੱਚ ਬੂਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ।
ਅਧਿਕਾਰੀਆਂ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਸ਼ਹਿਰ ਵਿੱਚ ਅਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਹਨ। ਕਈ ਵਾਰ ਅਵਾਰਾ ਕੁੱਤੇ ਆਉਂਦੇ ਜਾਂਦੇ ਰਾਹੀਆਂ ਅਤੇ ਬੱਚਿਆਂ ਦੇ ਪਿੱਛੇ ਭੱਜ ਲੈਂਦੇ ਹਨ ਅਤੇ ਕਈ ਵਿਅਕਤੀਆਂ ਨੂੰ ਅਵਾਰਾ ਕੁੱਤਿਆਂ ਨੇ ਕੱਟ ਕੇ ਜ਼ਖ਼ਮੀ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ 30 ਲੱਖ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ। ਇੱਕ ਕੁੱਤੇ ਦੇ ਨਸਬੰਦੀ ਅਪਰੇਸ਼ਨ ’ਤੇ ਕਰੀਬ 1500 ਰੁਪਏ ਖਰਚਾ ਦੱਸਿਆ ਗਿਆ ਹੈ। ਨਸਬੰਦੀ ਦੇ ਬਾਵਜੂਦ ਪਿਛਲੇ ਦੋ ਸਾਲਾਂ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਘਟਣ ਦੀ ਥਾਂ ਲਗਾਤਾਰ ਵਧ ਰਹੀ ਹੈ।