nabaz-e-punjab.com

ਸਰਵਰ ਬੰਦ ਹੋਣ ਕਾਰਨ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ, ਲੋਕ ਹੋਏ ਪ੍ਰੇਸ਼ਾਨ

ਨਬਜ਼-ਏ-ਪੰਜਾਬ, ਮੁਹਾਲੀ, 12 ਸਤੰਬਰ:
ਮੁਹਾਲੀ ਤਹਿਸੀਲ ਕੰਪਲੈਕਸ ਵਿੱਚ ਅੱਜ ਅਚਾਨਕ ਸਰਵਰ ਬੰਦ ਹੋਣ ਕਾਰਨ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਰਿਹਾ। ਜਿਸ ਕਾਰਨ ਆਪਣੀਆਂ ਜਾਇਦਾਦਾਂ ਦੀ ਖਰੀਦ ਅਤੇ ਵੇਚ ਸਬੰਧੀ ਰਜਿਸਟਰੀਆਂ ਕਰਵਾਉਣ ਲਈ ਦੂਰ ਨੇੜਿਓਂ ਆਏ ਵਿਅਕਤੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਹਿਸੀਲ ਵਿੱਚ ਰਜਿਸਟਰੀ ਕਰਵਾਉਣ ਪਹੁੰਚੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਸੀਪੀਏ) ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਕਿਹਾ ਕਿ ਸਰਵਰ ਬੰਦ ਹੋਣ ਕਾਰਨ ਅੱਜ ਇੱਕ ਵੀ ਰਜਿਸਟਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਕਈ ਵਿਅਕਤੀ ਕਾਫ਼ੀ ਦੂਰੋਂ ਅਤੇ ਸਪੈਸ਼ਲ ਛੁੱਟੀ ਲੈ ਕੇ ਜਾਂ ਆਪਣਾ ਕਾਰੋਬਾਰ ਛੱਡ ਕੇ ਰਜਿਸਟਰੀ ਕਰਵਾਉਣ ਲਈ ਆਉਂਦੇ ਹਨ ਪ੍ਰੰਤੂ ਰਜਿਸਟਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਸਾਰਾ ਦਿਨ ਖੱਜਲ-ਖੁਆਰ ਹੋਣਾ ਪਿਆ। ਸ਼ਲਿੰਦਰ ਆਨੰਦ ਨੇ ਕਿਹਾ ਕਿ ਜੇਕਰ ਕੰਪਿਊਟਰ ਦਾ ਸਰਵਰ ਬੰਦ ਹੈ ਤਾਂ ਵੀ ਇਸ ਦਾ ਕੋਈ ਬਦਲਵਾਂ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਜਿਹੜੇ ਵਿਅਕਤੀ ਦੂਰੋਂ ਨੇੜਿਓਂ ਆਪਣੇ ਕੰਮਾਂ ਕਾਰਾਂ ਲਈ ਤਹਿਸੀਲ ਦਫ਼ਤਰ ਵਿੱਚ ਆਉਂਦੇ ਹਨ, ਘੱਟੋ-ਘੱਟ ਉਨ੍ਹਾਂ ਦੀ ਫੋਟੋ ਖਿੱਚ ਕੇ ਉਨ੍ਹਾਂ ਦਾ ਕੰਮ ਕਰਨਾ ਚਾਹੀਦਾ ਹੈ।
ਉਧਰ, ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਰਜਿਸਟਰੀਆਂ ਦਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਪ੍ਰੰਤੂ ਦੁਪਹਿਰ ਕਰੀਬ 12 ਵਜੇ ਅਚਾਨਕ ਸਰਵਰ ਡਾਊਨ ਹੋਣ ਕਾਰਨ ਵੈਬਸਾਈਟ ਅਚਾਨਕ ਬੰਦ ਹੋ ਗਈ ਅਤੇ ਰਜਿਸਟਰੀਆਂ ਦਾ ਕੰਮ ਵਿਚਾਲੇ ਹੀ ਰੁਕ ਗਿਆ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਹੀ ਕੰਮ ਪ੍ਰਭਾਵਿਤ ਨਹੀਂ ਹੋਇਆ ਬਲਕਿ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਕੰਮ ਰੁਕਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਰਵਰ ਨੂੰ ਜਲਦੀ ਚਲਾਉੁਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…