ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਸੜਕਾਂ ’ਤੇ ਉੱਤਰਿਆ ਮੁਲਾਜ਼ਮ ਵਰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਜਿਨਸੀ ਸ਼ੋਸ਼ਣ ਦੇ ਮੁਲਜ਼ਮ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੂੰ ਗ੍ਰਿਫ਼ਤਾਰ ਕਰਨ ਅਤੇ ਪੀੜਤ ਮਹਿਲਾ ਪਹਿਲਵਾਨਾਂ ਨਾਲ ਦਿੱਲੀ ਪੁਲੀਸ ਵੱਲੋਂ ਕੀਤੇ ਤਸ਼ੱਦਦ ਦੇ ਵਿਰੋਧ ਵਿੱਚ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ ਫੈਡਰੇਸ਼ਨ ਦੇ ਸੱਦੇ ’ਤੇ ਮੁਹਾਲੀ ਵਿਖੇ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕ ਕੇ ਦੇਸ਼ ਭਰ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਸ਼ਨ ਨਾਲ ਇਕਜੁਠਤਾ ਦਿਖਾਈ ਗਈ। ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ ਫੈਡਰੇਸ਼ਨ ਦਾ ਕੌਮੀ ਸਕੱਤਰ ਐਨਡੀ ਤਿਵਾੜੀ, ਪਸਸਫ਼ (ਵਿਗਿਆਨਿਕ) ਦੇ ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ, ਜੀਟੀਯੂ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ ਸੰਸਕੌਰ, ਕਰਨੈਲ ਫਿਲੋਰ,ਜਸਪਾਲ ਸੰਧੂ ਨੇ ਕਿਹਾ ਪੰਜਾਬ ਦੇ ਮੁਲਾਜ਼ਮ 23 ਮਈ ਨੂੰ ਜੰਤਰ-ਮੰਤਰ ਦਿੱਲੀ ਵਿਖੇ ਪਹਿਲਵਾਨਾਂ ਦੇ ਸਮਰਥਨ ਵਿੱਚ ਕੌਮੀ ਫੈਡਰੇਸ਼ਨ ਦੇ ਸੱਦੇ ਤੇ ਸ਼ਾਮਲ ਹੋਏ ਸਨ।
ਅੱਜ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਦੀ 10 ਮੁੱਖ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਭਰ ਵਿੱਚ ਲੋਕਾਂ ਨੇ ਅੌਰਤ ਪਹਿਲਵਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਉਲੰਪਿਕ ਜੇਤੂ, ਅਰਜਨ ਐਵਾਰਡ, ਪਦਮਸ੍ਰੀ ਨਾਲ ਸਨਮਾਨਿਤ ਪਹਿਲਵਾਨਾਂ ਨੂੰ ਜਿਸ ਬੇਰਹਿਮੀ ਨਾਲ ਘਸੀਟਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਉਹ ਦਮਨ ਦੀ ਹੱਦ ਹੈ। ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਅੌਰਤ ਪਹਿਲਵਾਨਾਂ ਵੱਲੋਂ ਜਿਣਸੀ ਸ਼ੋਸ਼ਣ ਦੇ ਆਰੋਪੀ ਦੇ ਖ਼ਿਲਾਫ਼ ਇਕ ਮਹੀਨਾ ਤੱਕ ਤਾਂ ਐਫ.ਆਈ.ਆਰ ਹੀ ਦਰਜ ਨਹੀਂ ਕੀਤੀ ਗਈ। ਜਿਸ ਪਿੱਛੋਂ ਸੁਪਰੀਮ ਕੋਰਟ ਵਿੱਚ ਅਰਜ਼ੀ ਲਾ ਕੇ ਪਹਿਲਵਾਨਾਂ ਵੱਲੋਂ ਦਰਖ਼ਾਸਤ ਦਿੱਤੀ ਗਈ ਪਰ ਮਹੀਨਾ ਬੀਤਣ ਦੇ ਬਾਵਜੂਦ ਵੀ ਆਰੋਪੀ ਸਰੇਆਮ ਡਰਾ-ਧਮਕਾਂ ਰਿਹਾ ਹੈ ਜਦੋਂ ਪਹਿਲਵਾਨ ਆਰੋਪੀ ਨੂੰ ਗ੍ਰਿਫਤਾਰ ਕਰਵਾਉਣ ਲਈ ਅੌਰਤ ਸਨਮਾਨ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਸੜਕਾਂ ਤੇ ਘਸੀਟਦੇ ਹੋਏ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਦੰਗਾ ਫੈਲਾਉਣ,ਸਰਕਾਰੀ ਕੰਮ ਵਿਚ ਰੋਕ ਲਾਉਣ ਅਤੇ ਬੈਰੀਕੇਟ ਤੋੜਨ ਦੇ ਸੰਗੀਨ ਆਰੋਪ ਧਾਰਾਵਾਂ ਲਾ ਕੇ ਕੇਸ ਦਰਜ ਕੀਤਾ ਜਾਂਦਾ ਹੈ।
ਜਿਸ ਦੇਸ਼ ਦਾ ਪਹਿਲਵਾਨ ਆਪਣੇ ਸਨਮਾਨ ਲਈ ਆਪਣੇ ਮੈਡਲ ਗੰਗਾ ਵਿੱਚ ਬਹਾਉਣ ਜਾ ਰਿਹਾ ਹੋਵੇ ਉਸ ਦੇਸ਼ ਦੇ ਲੋਕਾਂ ਨੂੰ ਹੀ ਉਨ੍ਹਾਂ ਦਾ ਸਨਮਾਨ ਵਾਪਸ ਦਿਵਾਉਣ ਲਈ ਅਤੇ ਜਿਣਸੀ ਸ਼ੋਸ਼ਣ ਦੇ ਮੁਲਜ਼ਮ ਨੂੰ ਸਲਾਖਾਂ ਪਿੱਛੇ ਕਰਨ ਲਈ ਘਰੋਂ ਬਾਹਰ ਨਿਕਲ ਕੇ ਹਾਅ ਦਾ ਨਾਅਰਾ ਮਾਰਨਾ ਪਵੇਗਾ। ਇਸ ਲਈ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਅੌਰਤ ਪਹਿਲਵਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਨਾਲ ਡੱਟ ਕੇ ਖੜਾ ਹੈ। ਇਸ ਮੌਕੇ ਰਸਪਿੰਦਰ ਸੋਨੂ, ਕੁਲਦੀਪ ਪੁਰੇਵਾਲ, ਰਵਿੰਦਰ ਸਿੰਘ, ਰਾਕੇਸ਼ ਕੁਮਾਰ ਬੰਟੀ, ਅਸ਼ਵਨੀ ਕੁਮਾਰ, ਰਵੀ ਕੁਮਾਰ, ਗੁਰਮੀਤ ਸਿੰਘ ਖ਼ਾਲਸਾ, ਕਮਲ ਕੁਮਾਰ, ਧਰਮਿੰਦਰ ਠਾਕਰੇ, ਗੁਰੇਕ ਸਿੰਘ, ਕੁਲਵਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਸਨ।

Check Also

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ ਨਬਜ਼-ਏ-ਪੰਜਾਬ, ਮੁਹਾਲੀ, 8 ਮਈ: ਪੰਜਾ…