
ਯੂਥ ਆਫ਼ ਪੰਜਾਬ ਨੇ ਸੈਕਟਰ-70 ਵਿੱਚ ਲਗਾਇਆ ਵਿਸ਼ਾਲ ਲੰਗਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਯੂਥ ਆਫ਼ ਪੰਜਾਬ ਵੱਲੋਂ ਅੱਜ ਸਥਾਨਕ ਸੈਕਟਰ-70 ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਸਰਪ੍ਰਸਤ ਸਤਵਿੰਦਰ ਸਿੰਘ ਚੈੜੀਆ, ਗੁਰਬਖ਼ਸ਼ ਸਿੰਘ ਬਾਵਾ, ਡਾ. ਇਕਬਾਲ ਸਿੰਘ, ਜਯੋਤੀ, ਲੱਕੀ, ਗੁਰਜੀਤ, ਜੌਲੀ, ਰਵਿੰਦਰ ਸਿੰਘ ਤੁੜ ਸਰਪੰਚ, ਹੈਪੀ ਅਤੇ ਮਟੌਰ ਦੇ ਦੁਕਾਨਦਾਰਾਂ ਨੇ ਲੰਗਰ ਵਿੱਚ ਸੇਵਾ ਕੀਤੀ। ਸ੍ਰੀ ਬੈਦਵਾਨ ਅਤੇ ਸ੍ਰੀ ਚੈੜੀਆ ਨੇ ਕਿਹਾ ਕਿ ਉਨ੍ਹਾਂ ਸੰਸਥਾ ਵੱਲੋਂ ਸਮੇਂ ਸਮੇਂ ਸਿਰ ਲੰਗਰ ਲਗਾਉਣ ਤੋਂ ਇਲਾਵਾ ਲੋੜਵੰਦ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਹਨ ਅਤੇ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਸਫ਼ਾਈ ਕਢਾਈ ਸੈਂਟਰ ਵੀ ਖੋਲ੍ਹੇ ਗਏ ਹਨ। ਜਿੱਥੇ ਪੇਂਡੂ ਅੌਰਤਾਂ ਅਤੇ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ ’ਤੇ ਖੜੇ ਹੋ ਕੇ ਆਪਣੇ ਮਾਪਿਆਂ ਦਾ ਸਹਾਰਾ ਬਣਨ ਦੇ ਯੋਗ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰ ਸਕਣ।