ਜੰਗੀ ਯਾਦਗਾਰ ਨੇੜੇ ਇਤਿਹਾਸਕ ਗੁਰਦੁਆਰਾ ਸਾਹਿਬ ਚੱਪੜਚਿੜੀ ਵਿੱਚ ਗੋਲਕ ਚੋਰੀ

ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੰਗੀ ਯਾਦਗਾਰ ਨਜ਼ਦੀਕ ਇਤਿਹਾਸਕ ਗੁਰਦੁਆਰਾ ਸਾਹਿਬ ਚੱਪੜਚਿੜੀ ਕਲਾਂ ਵਿੱਚ ਅਣਪਛਾਤੇ ਚੋਰਾਂ ਨੇ ਬੁੱਧਵਾਰ ਦੀ ਦੇਰ ਰਾਤ ਗੁਰੂ ਘਰ ’ਚੋਂ ਗੋਲਕ ਚੋਰੀ ਕਰ ਲਈ। ਸੂਚਨਾ ਮਿਲਦੇ ਹੀ ਬਲੌਂਗੀ ਥਾਣੇ ਦੇ ਐਸਐਚਓ ਭਗਵੰਤ ਸਿੰਘ ਰਿਆੜ ਅਤੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਗਿੱਲ ਵੀ ਤੁਰੰਤ ਚੱਪੜਚਿੜੀ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਬਲੌਂਗੀ ਪੁਲੀਸ ਨੇ ਮੈਨੇਜਰ ਗਿੱਲ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੇਕਿਨ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਪੁਲੀਸ ਚੋਰੀ ਸਬੰਧੀ ਕੋਈ ਠੋਸ ਸੁਰਾਗ ਨਹੀਂ ਮਿਲਿਆ ਸੀ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਇਸ ਸਬੰਧੀ ਸੇਵਾਦਾਰਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰਾਂ ਨੇ ਗੋਲਕ ਗੁਰਦੁਆਰਾ ਨੇੜੇ ਹੀ ਝਾੜੀਆਂ ਵਿੱਚ ਸੁੱਟ ਦਿੱਤੀ। ਗੋਲਕ ਵਿੱਚ ਪੁਰੇ ਮਹੀਨੇ ਦਾ ਚੜ੍ਹਾਵਾ ਅਤੇ ਦਾਨ ਵਿੱਚ ਦਿੱਤੀ ਰਾਸ਼ੀ ਸੀ। ਝਾੜੀਆਂ ’ਚੋਂ ਮਿਲੀ ਗੋਲਕ ’ਚੋਂ 8 ਹਜ਼ਾਰ 45 ਰੁਪਏ ਭਾਨ ਵੀ ਮਿਲੀ ਹੈ ਜਦੋਂ ਕਿ ਬਾਕੀ ਸਾਰੇ ਪੈਸੇ ਗ਼ਾਇਬ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਦੇਰ ਰਾਤ ਨੂੰ ਅਣਪਛਾਤੇ ਚੋਰ ਗੁਰਦੁਆਰੇ ਵਿੱਚ ਅੰਦਰ ਦਾਖ਼ਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਸਿਰਫ਼ ਐਸਜੀਪੀਸੀ ਦੀ ਗੋਲਕ ਹੀ ਚੋਰੀ ਕੀਤੀ ਗਈ ਜਦੋਂ ਕਿ ਕਾਰਸੇਵਾ ਵਾਲੇ ਬਾਬਿਆਂ ਦੀ ਗੋਲਕ ਉੱਥੇ ਹੀ ਪਈ ਸੀ। ਚੋਰ ਖਿੜਕੀ ਦੀ ਗਰਿੱਲ ਤੋੜ ਕੇ ਗੁਰਦੁਆਰੇ ਵਿੱਚ ਦਾਖ਼ਲ ਹੋਏ ਸੀ ਅਤੇ ਗੋਲਕ ਚੁੱਕ ਕੇ ਵੱਡੇ ਦਰਵਾਜੇ ਰਾਹੀਂ ਬਾਹਰ ਨਿਕਲੇ। ਜਦੋਂ ਇਹ ਘਟਨਾ ਵਾਪਰੀ ਤੋਂ ਉਸ ਸਮੇਂ ਇੱਕ ਸੇਵਾਦਾਰ ਰਾਮ ਸਿੰਘ ਗੁਰਦੁਆਰੇ ਦੇ ਬਰਾਂਡੇ ਵਿੱਚ ਬੁਰਜੀ ਨਾਲ ਬੈਠਾ ਹੋਇਆ ਸੀ। ਜਦੋਂ ਕਿ ਨੇੜੇ ਹੀ ਕਾਰਸੇਵਾ ਵਾਲੇ ਬਾਬਿਆਂ ਦਾ ਆਰਾਮ ਕਮਰਾ ਅਤੇ ਲੰਗਰ ਹਾਲ ਬਣਿਆ ਹੋਇਆ ਹੈ। ਉੱਥੇ ਹੀ ਬਾਬਾ ਸੁਰਿੰਦਰ ਸਿੰਘ ਤੇ ਉਸ ਦੇ ਸਮਰਥਕ ਸੁੱਤੇ ਹੋਏ ਸੀ।
ਗੁਰਦੁਆਰਾ ਫਤਹਿ-ਏ-ਜੰਗ ਸਾਹਿਬ ਚੱਪੜਚਿੜੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ, ਜਨਰਲ ਸਕੱਤਰ ਗੁਰਮੇਲ ਸਿੰਘ ਅਤੇ ਸਰਪੰਚ ਸੋਹਨ ਸਿੰਘ ਦਾ ਕਹਿਣਾ ਹੈ ਕਿ ਇਹ ਕਿਸੇ ਭੇਤੀ ਬੰਦੇ ਦਾ ਕੰਮ ਹਨ। ਕਿਉਂਕਿ ਜੇਕਰ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਤਾਂ ਉਹ ਦੋਵੇਂ ਗੋਲਕਾਂ ਚੋਰੀ ਕਰਦੇ ਇੱਕ ਨਹੀਂ? ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮੌਕੇ ’ਤੇ ਮਿਲੇ ਅੌਜ਼ਾਰ ਸੰਬਲ ਅਤੇ ਰੈਂਚ ਬਿਲਕੁਲ ਨਵੇਂ ਹਨ। ਜਿਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਅੌਜ਼ਾਰ ਚੋਰੀ ਦ ਵਾਰਦਾਤ ਨੂੰ ਅੰਜਾਮ ਦੇਣ ਲਈ ਨਵੇਂ ਖ਼ਰੀਦੇ ਗਏ ਜਾਪਦੇ ਹਨ। ਉਨ੍ਹਾਂ ਦੱਸਿਆ ਕਿ ਕਾਰਸੇਵਾ ਵਾਲੇ ਬਾਬੇ ਕੋਲ ਕੁਝ ਬਾਹਰੀ ਲੋਕ ਆ ਕੇ ਰਹਿੰਦੇ ਹਨ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਗੁਰਦੁਆਰੇ ਦੇ ਕਬਜ਼ੇ ਅਤੇ ਗੁਰਦੁਆਰੇ ਵਿੱਚ ਦੋ ਦੋ ਗੋਲਕਾਂ ਰੱਖਣ ਨੂੰ ਲੈ ਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰਸੇਵਾ ਵਾਲੇ ਬਾਬਿਆਂ ਦੇ ਸਮਰਥਕਾਂ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ ਅਤੇ ਅਕਾਲੀ ਦਲ ਦੇ ਦੋ ਧੜੇ ਆਹਮੋ ਸਾਹਮਣੇ ਖੜੇ ਹੋ ਗਏ ਸੀ ਲੇਕਿਨ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਸੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…