
ਸਿੱਖ ਅਜਾਇਬਘਰ ਵਿੱਚ ਚੋਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਸਿੱਖ ਅਜਾਇਬਘਰ ਮੁਹਾਲੀ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਅੱਜ ਸਵੇਰੇ 9 ਵਜੇ ਵਰਕਰ ਰੋਜ਼ਾਨਾ ਵਾਂਗ ਕੰਮ ’ਤੇ ਆਏ ਤਾਂ ਉਨ੍ਹਾਂ ਦੇਖਿਆ ਸਿੱਖ ਅਜਾਇਬਘਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਪੱਕੇ ਤੌਰ ’ਤੇ ਬਾਹਰ ਲਗਾਈ ਗਈ ਗੋਲਕ ਦਾ ਤਾਲਾ ਵੀ ਟੁੱਟਿਆ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਚੋਰ ਗੋਲਕ ਅਤੇ ਇਨਵਰਟਰ ਦੀ ਬੈਟਰੀ ਚੋਰੀ ਕਰ ਕੇ ਲੈ ਗਏ ਸਨ ਅਤੇ ਜਾਂਦੇ ਹੋਏ ਚੋਰ ਉੱਥੇ ਨੇੜੇ ਹੀ ਪਈ ਟਰੈਕਟਰ ਦੀ ਬੈਟਰੀ ਵੀ ਚੱਕ ਕੇ ਆਪਣੇ ਨਾਲ ਲੈ ਗਏ। ਬੁੱਤਸਾਜ ਨੇ ਦੱਸਿਆ ਕਿ ਚੋਰਾਂ ਨੇ ਕਾਉਂਟਰ ਦੀ ਫਰੋਲਾ ਫਰਾਲੀ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿੱਖ ਅਜਾਇਬਘਰ ਦਾ ਕਰੀਬ 26 ਹਜ਼ਾਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਖ ਅਜਾਇਬਘਰ ਵਿੱਚ ਚੋਰੀ ਹੋ ਚੁੱਕੀ ਹੈ। ਸੰਗਤਾਂ ਦੀ ਸਹੂਲਤ ਠੰਢਾ ਪਾਣੀ ਪੀਣ ਲਈ ਲਾਇਆ ਵਾਟਰ ਕੂਲਰ ਵੀ ਚੋਰੀ ਹੋ ਚੁੱਕਾ ਹੈ ਅਤੇ ਕਈ ਵਾਰ ਸ਼ਰਾਰਤੀ ਅਨਸਰ ਸਿੰਘ ਸ਼ਹੀਦਾਂ ਦੇ ਮਾਡਲਾਂ ਨੂੰ ਨੁਕਸਾਨ ਪਹੁੰਚਾ ਚੁੱਕੇ ਹਨ।