nabaz-e-punjab.com

ਮੁਹਾਲੀ ਵਿੱਚ ਵੱਧ ਰਹੀਆਂ ਨੇ ਚੋਰੀਆਂ, ਲੁੱਟ ਖੋਹ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ’ਤੇ ਠੱਲ ਪਾਏ ਪੁਲੀਸ: ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਮੁਹਾਲੀ ਸ਼ਹਿਰ ਵਿੱਚ ਦਿਨ ਪ੍ਰਤੀ ਦਿਨ ਚੋਰੀਆਂ, ਲੁੱਟ ਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਜਿਸ ਕਾਰਨ ਮੁਹਾਲੀ ਪੁਲੀਸ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਆਏ ਦਿਨ ਮੁਹਾਲੀ ਵਿੱਚ ਕਿਸੇ ਨਾ ਕਿਸੇ ਇਲਾਕੇ ਵਿੱਚ ਚੋਰੀ, ਲੁੱਟ ਖੋਹ ਜਾਂ ਗੁੰਡਾਗਰਦੀ ਦੀ ਕੋਈ ਨਾ ਕੋਈ ਘਟਨਾ ਵਾਪਰਦੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੁਲੜਬਾਜੀ ਵੀ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ
ਸ਼ਹਿਰ ਵਿੱਚ ਆਏ ਦਿਨ ਕਿਸੇ ਨਾ ਕਿਸੇ ਮਾਰਕੀਟ ਜਾਂ ਕਿਸੇ ਮੁਹੱਲੇ ਵਿੱਚ ਗੁੰਡਾ ਅਨਸਰਾਂ ਵਲੋੱ ਗੁੰਡਾਗਰਦੀ ਕੀਤੀ ਜਾਂਦੀ ਹੈ। ਜਿਸ ਕਾਰਨ ਆਮ ਲੋਕ ਸ਼ਹਿਰ ਵਿੱਚ ਆਪਣੇ ਜਰੂਰੀ ਕੰਮ ਧੰਦੇ ਕਰਨ ਵੇਲੇ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਝੁੰਡ ਹਰ ਮਾਰਕੀਟ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ, ਜੋ ਕਿ ਇਕ ਦੂਜੇ ਨਾਲ ਗਾਲ ਕੱਢਕੇ ਹੀ ਗੱਲ ਕਰਦੇ ਹੁੰਦੇ ਹਨ ਅਤੇ ਕਈ ਵਾਰ ਆਪਸ ਵਿੱਚ ਹੀ ਜਾਂ ਕਿਸੇ ਦੂਜੇ ਗਰੁੱਪ ਨਾਲ ਲੜ ਪੈਂਦੇ ਹਨ। ਕਈ ਵਾਰ ਨੌਜਵਾਨਾਂ ਦੇ ਇਹਨਾਂ ਟੋਲਿਆਂ ਵਿੱਚ ਲੜਕੀਆਂ ਵੀ ਸ਼ਾਮਿਲ ਹੁੰਦੀਆਂ ਹਨ ਅਤੇ ਕਈ ਵਾਰ ਨੌਜਵਾਨਾਂ ਵਿੱਚ ਲੜਾਈ ਹੀ ਲੜਕੀਆਂ ਕਾਰਨ ਹੋਈ ਹੁੰਦੀ ਹੈ। ਨੌਜਵਾਨਾਂ ਦੇ ਅਵਾਰਾਗਰਦੀ ਕਰਦੇ ਫਿਰਦੇ ਇਹਨਾਂ ਝੁੰਡਾਂ ਤੋਂ ਆਮ ਲੋਕ ਬਹੁਤ ਪ੍ਰੇਸ਼ਾਨ ਹਨ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਚੋਰੀਆਂ ਬਹੁਤ ਵੱਧ ਗਈਆਂ ਹਨ, ਆਏ ਦਿਨ ਮੁਹਾਲੀ ਦੇ ਕਿਸੇ ਨਾ ਕਿਸੇ ਇਲਾਕੇ ਵਿੱਚ ਕੋਈ ਨਾ ਕੋਈ ਚੋਰੀ ਹੋ ਗਈ ਹੁੰਦੀ ਹੈ। ਸਥਾਨਕ ਫੇਜ਼ 7 ਵਿੱਚ ਹੀ ਪਿਛਲੇ ਦੋ ਮਹੀਨਿਆਂ ਦੌਰਾਨ ਚਾਰ ਚੋਰੀਆਂ ਹੋ ਚੁੱਕੀਆਂ ਹਨ। ਸ਼ਹਿਰ ਵਾਸੀ ਆਮ ਚਰਚਾ ਵਿੱਚ ਇਹ ਗੱਲ ਕਹਿੰਦੇ ਹਨ ਕਿ ਅਪਰਾਧੀ ਕਿਸਮ ਦੇ ਲੋਕ ਪਾਰਕਾਂ ਵਿੱਚ ਬੈਠ ਕੇ ਰੇਕੀ ਕਰਦੇ ਰਹਿੰਦੇ ਹਨ ਅਤੇ ਵਾਰਦਾਤ ਕਰਨ ਦੀਆਂ ਯੋਜਨਾਵਾਂ ਬਣਾ ਕੇ ਉਸ ਉੱਪਰ ਅਮਲ ਕਰ ਦਿੰਦੇ ਹਨ। ਅਕਸਰ ਹੀ ਚੋਰਾਂ ਦੇ ਨਿਸ਼ਾਨੇ ਉਪਰ ਖਾਲੀ ਪਈਆਂ ਕੋਠੀਆਂ ਹੁੰਦੀਆਂ ਹਨ ਤੇ ਉਹ ਇਹਨਾਂ ਕੋਠੀਆਂ ਦੀ ਰੇਕੀ ਕਰਨ ਤੋਂ ਬਾਅਦ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ।
ਸ੍ਰੀ ਕਾਹਲੋਂ ਦਾ ਕਹਿਣਾ ਹੈ ਕਿ ਸਥਾਨਕ ਫੇਜ਼-7 ਵਿੱਚ ਹੀ ਪਿਛਲੇ ਦੋ ਮਹੀਨਿਆਂ ਦੌਰਾਨ ਚਾਰ ਚੋਰੀਆਂ ਹੋ ਚੁੱਕੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਇਹਨਾਂ ਚੋਰੀਆਂ ਅਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਠੱਲ ਪਾਉਣ ਲਈ ਉਹਨਾਂ ਨੇ ਅੱਜ ਡੀ ਐਸ ਪੀ ਸਿਟੀ 1 ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਸਾਰੀ ਸਥਿਤੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਹੈ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਵੱਧ ਰਹੀਆਂ ਚੋਰੀ ਅਤੇ ਹੋਰ ਅਪਰਾਧਿਕ ਵਾਰਦਾਤਾਂ ਬਹੁਤ ਵੱਡੀ ਚਿੰਤਾ ਹਨ, ਇਹਨਾਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਪੁਲੀਸ ਨੂੰ ਸ਼ੱਕੀ ਜਾਪਦੇ ਵਿਅਕਤੀਆਂ ਦੀ ਵੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…