
ਪਿੰਡ ਸੋਹਾਣਾ ਵਿੱਚ ਹਾਰਡਵੇਅਰ ਦੀ ਦੁਕਾਨ ’ਚ ਲੱਖਾਂ ਰੁਪਏ ਦੀ ਚੋਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਇੱਥੋਂ ਦੇ ਇਤਿਹਾਸਕ ਪਿੰਡ ਸੋਹਾਣਾ ਵਿੱਚ ਮੰਗਲਵਾਰ ਨੂੰ ਦਿਨ ਦਿਹਾੜੇ ਇਕ ਹਾਰਡਵੇਅਰ ਦੀ ਦੁਕਾਨ ਵਿੱਚ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਵਾਰਦਾਤ ਗੁਆਂਢੀ ਦੁਕਾਨਦਾਰ ਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਦੇ ਹੀ ਸੋਹਾਣਾ ਥਾਣਾ ’ਚੋਂ ਏਐਸਆਈ ਸਤਨਾਮ ਸਿੰਘ ਅਤੇ ਕੇਵਲ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਡੀਵੀਆਰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਦੁਕਾਨਕਾਰ ਜੈ ਕੁਮਾਰ ਗੋਇਲ ਨੇ ਦੱਸਿਆ ਕਿ ਉਹ ਅੱਜ ਬਾਅਦ ਦੁਪਹਿਰ ਕੁੱਝ ਸਮੇਂ ਲਈ ਆਪਣੇ ਪਿਤਾ ਬੀਮਾਰ ਨੂੰ ਚੈੱਕਅਪ ਲਈ ਨੇੜਲੇ ਹਸਪਤਾਲ ਵਿੱਚ ਗਿਆ ਸੀ ਅਤੇ ਦੁਕਾਨ ਦਾ ਸ਼ਰਟ ਥੱਲੇ ਸੁੱਟਣ ਦੀ ਬਜਾਏ ਸਿਰਫ਼ ਐਲਮੋਨੀਅਮ ਦਾ ਦਰਵਾਜਾ ਲਗਾ ਕੇ ਗਿਆ ਸੀ ਲੇਕਿਨ ਜਦੋਂ ਉਹ ਮਹਿਜ਼ 15 ਕੁ ਮਿੰਟ ਬਾਅਦ ਦੁਕਾਨ ’ਤੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਐਲਮੋਨੀਅਮ ਦੇ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਦੁਕਾਨ ਵਿੱਚ ਗਿਣ ਕੇ ਰੱਖੇ ਹੋਏ 3 ਲੱਖ ਬੈਗ ਵਿੱਚ ਪਿਆ ਸੀ ਜਦੋਂਕਿ 10 ਹਜ਼ਾਰ ਰੁਪਏ ਦੀ ਨਗਦੀ ਗੱਲੇ ’ਚੋਂ ਚੋਰੀ ਹੋ ਚੁੱਕੇ ਸੀ। ਉਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਚੋਰ ਇਕ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਇਆ ਸੀ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਉਧਰ, ਸੋਹਾਣਾ ਥਾਣਾ ਦੇ ਏਐਸਆਈ ਸਤਨਾਮ ਸਿੰਘ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।