ਚਾਰ ਦਿਨ ਪਹਿਲਾਂ ਚੋਰੀ ਹੋਈ ਕਾਰ ਦੀ ਪੁਲੀਸ ਨੇ ਦਰਜ ਨਹੀਂ ਕੀਤੀ ਐਫ ਆਈ ਆਰ, ਪੀੜਤ ਨੇ ਕਿਹਾ ਕਿਤੇ ਨਹੀਂ ਹੋ ਰਹੀ ਸੁਣਵਾਈ

ਪੁਲੀਸ ਨੇ ਕਿਹਾ, ਸ਼ਿਕਾਇਤ ਕਰਤਾ ਵੱਲੋਂ ਬਿਆਨ ਦਰਜ ਨਾ ਕਰਵਾਉਣ ਕਾਰਨ ਦਰਜ ਨਹੀਂ ਹੋਈ ਐਫ ਆਈ ਆਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਚਾਰ ਦਿਨ ਪਹਿਲਾਂ ਸਥਾਨਕ ਫੇਜ਼ 7 ਵਿੱਚ ਗਮਾਡਾ ਵੱਲੋਂ ਬਣਾਏ ਗਏ ਸਟੇਡੀਅਮ (ਜਿਸ ਨੂੰ ਇੱਕ ਪ੍ਰਈਵੇਟ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ) ਵਿੱਚ ਕਸਰਤ ਕਰਨ ਗਏ ਇੱਕ ਵਿਅਕਤੀ ਦੀ ਕਾਰ 11 ਮਾਰਚ ਨੂੰ ਸਟੇਡੀਅਮ ਦੀ ਅੰਦਰੂਨੀ ਪਾਰਕਿੰਗ ਤੋਂ ਚੋਰੀ ਹੋ ਗਈ। ਚੋਰੀ ਦੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਜਿਮ ਦੇ ਕਾਉਂਟਰ ਤੋਂ ਉਕਤ ਵਿਅਕਤੀ ਦੀ ਕਾਰ ਦੀ ਚਾਬੀ ਲੈ ਕੇ ਆਰਾਮ ਨਾਲ ਤੁਰਦਾ ਬਣਿਆ ਅਤੇ ਕਾਰ ਮਾਲਕ ਵੱਲੋਂ ਇਸ ਸਬੰਧੀ ਸਥਾਨਕ ਪੁਲੀਸ ਨੂੰ ਕੀਤੀ ਗਈ ਸ਼ਿਕਾਇਤ ਦੇ ਬਾਵਜੂਦ ਹੁਣ ਤਕ ਪੁਲੀਸ ਵੱਲੋਂ ਇਸ ਸਬੰਧੀ ਮਾਮਲਾ ਤਕ ਦਰਜ ਨਹੀਂ ਕੀਤਾ ਗਿਆ ਹੈ। ਪੀੜਿਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਵੱਲੋਂ ਇਸ ਸਬੰਧੀ ਕਈ ਵਾਰ ਪੁਲੀਸ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਪਰੰਤੂ ਪੁਲੀਸ ਵੱਲੋਂ ਹੁਣ ਤੱਕ ਉਸ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
ਸ਼ਿਕਾਇਤਕਰਤਾ ਇੱਕੀ ਰਤਨ ਮੋਂਗਾ ਨੇ ਦੱਸਿਆ ਕਿ ਉਹ ਰੋਜਾਨਾ ਸ਼ਾਮ ਨੂੰ ਕਸਰਤ ਕਰਨ ਲਈ ਫੇਜ਼ 7 ਦੇ ਗਮਾਡਾ ਸਟੇਡੀਅਮ ਕਾਂਪਲੈਕਸ ਵਿੱਚ ਚਲਦੇ ਓਸ਼ਿਆਨਿਕ ਜਿਮ ਵਿੱਚ ਕਸਰਤ ਕਰਨ ਜਾਂਦਾ ਹੈ ਅਤੇ ਬੀਤੀ 11 ਮਾਰਚ ਨੂੰ ਵੀ ਉਹ ਸ਼ਾਮ 7:30 ਵਜੇ ਦੇ ਆਸਪਾਸ ਆਪਣੀ ਵਰਨਾ ਕਾਰ ਨੰਬਰ ਸੀ ਐਚ 01 ਏਐਸ 5778 ਤੇ ਉੱਥੇ ਗਿਆ ਸੀ ਅਤੇ ਕਾਉੱਟਰ ਤੇ ਮੌਜੂਦ ਰਿਸੈਸਪਨਿਸਟ ਨੂੰ ਕਾਰ ਦੀ ਚਾਬੀ ਫੜਾ ਕੇ ਕਸਰਤ ਕਰਨ ਚਲਾ ਗਿਆ ਸੀ। ਉਸਨੇ ਦੱਸਿਆ ਕਿ ਲਗਭਗ ਪੌਣਾ ਘੰਟਾ ਕਸਰਤ ਕਰਨ ਤੋੱ ਬਾਅਦ ਵਾਪਸ ਆ ਕੇ ਜਦੋਂ ਉਸ ਨੇ ਕਾਉਂਟਰ ਤੋਂ ਆਪਣੀ ਕਾਰ ਦੀ ਚਾਬੀ ਮੰਗੀ ਤਾਂ ਚਾਬੀ ਉਸਨੂੰ ਨਹੀਂ ਮਿਲੀ। ਜਦੋਂ ਉਸ ਨੇ ਬਾਹਰ ਨਜਰ ਮਾਰੀ ਤਾਂ ਪਾਰਕਿੰਗ ਵਿੱਚੋਂ ਉਸ ਦੀ ਕਾਰ ਵੀ ਗਾਇਬ ਸੀ। ਉਸ ਨੇ ਦੱਸਿਆ ਕਿ ਕਾਉੱਟਰ ਤੇ ਬੈਠੀ ਲੜਕੀ ਅਨੁਸਾਰ ਉਸ ਦਿਨ ਇੱਕ ਨਵਾਂ ਲੜਕਾ ਕਸਰਤ ਕਰਨ ਆਇਆ ਸੀ ਅਤੇ ਹੋ ਸਕਦਾ ਹੈ ਕਿ ਉਹ ਹੀ ਕਾਉੱਟਰ ਤੋਂ ਕਾਰ ਦੀ ਚਾਬੀ ਲੈ ਕੇ ਕਾਰ ਚੋਰੀ ਕਰਕੇ ਲੈ ਗਿਆ ਹੋਵੇ। ਸ੍ਰੀ ਮੋਗਾ ਅਨੁਸਾਰ ਉਨ੍ਹਾਂ ਵੱਲੋਂ 100 ਨੰਬਰ ਤੇ ਫੋਨ ਕਰਕੇ ਪੁਲੀਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਅਤੇ ਬਾਅਦ ਵਿੱਚ ਪੁਲੀਸ ਥਾਣਾ ਮਟੌਰ ਵਿੱਚ ਜਾ ਕੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਉਸ ਦੀ ਸ਼ਿਕਾਇਤ ਤਾਂ ਲੈ ਲਈ ਗਈ ਪਰੰਤੂ ਹੁਣ ਤਕ ਨਾ ਤਾਂ ਇਸ ਸੰਬੰਧੀ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਨਾ ਹੀ ਉਸ ਦੀ ਕਾਰ ਦਾ ਕੋਈ ਪਤਾ ਲੱਗਿਆ ਹੈ। ਉਸ ਨੇ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਤੋਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਬਣਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਸਦੀ ਕਾਰ ਦੀ ਚੋਰੀ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਬੂ ਕੀਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਉਸ਼ਿਆਨਿਕ ਫਿਟਨੈਸ ਦੀ ਮਾਲਕ ਜਸਬੀਰ ਕੌਰ ਨੇ ਕਿਹਾ ਕਿ ਜਿੱਥੋਂ ਤੱਕ ਕਾਉੱਟਰ ਤੋਂ ਚਾਬੀ ਚੋਰੀ ਹੋਣ ਦੀ ਗੱਲ ਹੈ, ਜਿੰਮ ਵੱਲੋਂ ਆਪਣੇ ਗ੍ਰਾਹਕਾਂ ਤੋੱ ਪਹਿਲਾਂ ਹੀ ਲਿਖਵਾ ਕੇ ਲਿਆ ਜਾਂਦਾ ਹੈ ਕਿ ਉਹਨਾਂ ਵਲੋੱ ਜਿੰਮ ਵਿੱਚ ਲਿਆਂਦੇ ਜਾਣ ਵਾਲੇ ਨਿੱਜੀ ਸਾਮਾਨ ਦੀ ਰਖਵਾਲੀ ਵਿੱਚ ਜਿੰਮ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਅਤੇ ਨਾ ਹੀ ਜਿੰਮ ਵੱਲੋਂ ਗ੍ਰਾਹਕਾਂ ਨੂੰ ਅਜਿਹੀ ਕੋਈ ਸੁਵਿਧਾ ਦਿੱਤੀ ਜਾਂਦੀ ਹੈ ਕਿ ਰਿਸੈਪਸ਼ਨ ਕਾਉੱਟਰ ਤੇ ਵਾਹਨ ਦੀ ਚਾਬੀ ਸੰਭਾਲ ਕੇ ਰੱਖੀ ਜਾਵੇਗੀ। ਜੇਕਰ ਇਸ ਦੇ ਬਾਵਜੂਦ ਕੋਈ ਵਿਅਕਤੀ ਜਬਰਦਸਤੀ ਕਾਉਂਟਰ ਤੇ ਆਪਣੀ ਚਾਬੀ ਛੱਡ ਜਾਂਦਾ ਹੈ ਤਾਂ ਇਸ ਵਿੱਚ ਕਾਉੱਟਰ ਤੇ ਬੈਠੇ ਕਰਮਚਾਰੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਕਤ ਵਿਅਕਤੀ ਕਾਰ ਲੈ ਕੇ ਆਇਆ ਵੀ ਸੀ ਜਾਂ ਨਹੀਂ ਅਤੇ ਇਸ ਮਾਮਲੇ ਲਈ ਜਿਮ ਦੇ ਸਟਾਫ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਸੰਪਰਕ ਕਰਨ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਖ਼ੁਦ ਹੀ ਇਸ ਮਾਮਲੇ ਵਿੱਚ ਬਿਆਨ ਦਰਜ ਕਰਵਾਉਣ ਤੋਂ ਆਨਾਕਾਨੀ ਕੀਤੇ ਜਾਣ ਕਾਰਨ ਇਸ ਸਬੰਧੀ ਐਫਆਈਆਰ ਦਰਜ ਨਹੀਂ ਕੀਤੀ ਜਾ ਸਕੀ ਹੈ ਅਤੇ ਉਨ੍ਹਾਂ ਵਲੋੱ ਸ਼ਿਕਾਇਤਕਰਤਾ ਨੂੰ ਕਿਹਾ ਜਾ ਚੁੱਕਿਆ ਹੈ ਕਿ ਉਹ ਆਪਣੇ ਬਿਆਨ ਦਰਜ ਕਰਵਾਏ ਤਾਂ ਜੋ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਇਸ ਸਬੰਧੀ ਸੰਪਰਕ ਕਰਨ ’ਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਪ੍ਰੰਤੂ ਉਹ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰ ਰਹੇ ਹਨ ਅਤੇ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …