
ਮੁਹਾਲੀ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਸਨਾਟਾ, ਪਹਿਲੇ ਦਿਨ ਮੰਡੀਆਂ ’ਚ ਨਹੀਂ ਪੁੱਜੀ ਕਣਕ
ਹਾੜ੍ਹੀ ਸੀਜ਼ਨ ਦੌਰਾਨ ਖ਼ਰੀਦ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਡੀਸੀ
ਮੁਹਾਲੀ ਸਥਿਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਅਤੇ ਡੀਸੀ ਦਫ਼ਤਰ ਮੁਹਾਲੀ ਵਿੱਚ ਕੰਟਰੋਲ ਰੂਮ ਸਥਾਪਿਤ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਪੰਜਾਬ ਵਿੱਚ ਅੱਜ ਅਪਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਸੀ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਸਰਕਾਰੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪ੍ਰੰਤੂ ਮੁਹਾਲੀ ਸਮੇਤ ਜ਼ਿਲ੍ਹੇ ਦੇ ਕਿਸੇ ਵੀ ਅਨਾਜ ਮੰਡੀ ਮੰਗਲਵਾਰ ਨੂੰ ਕਣਕ ਦੀ ਫ਼ਸਲ ਨਹੀਂ ਪੁੱਜੀ। ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਵੱਲੋਂ ਅੱਜ ਲਾਂਡਰਾਂ ਨੇੜੇ ਪਿੰਡ ਭਾਗੋਮਾਜਰਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੰਡੀ ਵਿੱਚ ਸਨਾਟਾ ਛਾਇਆ ਹੋਇਆ ਸੀ। ਪਹਿਲੇ ਦਿਨ ਕੋਈ ਵੀ ਕਿਸਾਨ ਫ਼ਸਲ ਲੈ ਕੇ ਨਹੀਂ ਪਹੁੰਚਿਆ ਸੀ। ਉਧਰ, ਕਣਕ ਦੀ ਸਰਕਾਰੀ ਖ਼ਰੀਦ ਮੁਤੱਲਕ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋਂ ਮੁਹਾਲੀ ਸਥਿਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਅਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।
ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਬਲਜਿੰਦਰ ਸਿੰਘ ਭਾਗੋਮਾਜਰਾ, ਜਸਪਾਲ ਸਿੰਘ ਨਿਆਮੀਆਂ ਅਤੇ ਕੁਲਵੰਤ ਸਿੰਘ ਤ੍ਰਿਪੜੀ ਨੇ ਦੱਸਿਆ ਕਿ ਹਾਲੇ ਕਣਕ ਦੀ ਫ਼ਸਲ ਚੰਗੀ ਤਰ੍ਹਾਂ ਨਾਲ ਪੱਕੀ ਨਹੀਂ ਹੈ। ਅਤੇ ਫ਼ਸਲ ਨੂੰ ਪੱਕਣ ਲਈ ਹਾਲੇ ਹਫ਼ਤੇ ਤੋਂ ਵੱਧ ਸਮਾਂ ਲੱਗ ਸਕਦਾ ਹੈ। ਉਂਜ ਸਾਰੇ ਕਿਸਾਨ ਐਤਕੀਂ ਇਸ ਗੱਲੋਂ ਬੇਹੱਦ ਖ਼ੁਸ਼ ਹਨ ਕਿ ਇਸ ਵਾਰ ਫ਼ਸਲ ਕਾਫ਼ੀ ਚੰਗੀ ਹੋਈ ਹੈ ਅਤੇ ਜੇਕਰ ਮੌਸਮ ਠੀਕ ਰਿਹਾ ਤਾਂ ਪਹਿਲਾਂ ਨਾਲੋਂ ਵੱਧ ਝਾੜ ਨਿਕਲਣ ਦੀ ਸੰਭਾਵਨਾ ਹੈ। ਸਨੇਟਾ ਅਤੇ ਖਰੜ ਦੀ ਮੰਡੀ ਵਿੱਚ ਸਨਾਟਾ ਪਸਰਿਆ ਹੋਇਆ ਸੀ ਅਤੇ ਆਰਜ਼ੀ ਖਰੀਦ ਕੇਂਦਰਾਂ ਵਿੱਚ ਵੀ ਸੁੰਨ ਪਸਰੀ ਹੋਈ ਸੀ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਮੰਡੀਆਂ ਅਤੇ ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਸਫ਼ਾਈ, ਬਿਜਲੀ-ਪਾਣੀ, ਆਰਜ਼ੀ ਬਾਥਰੂਮਾਂ, ਛਾਂ ਆਦਿ ਦੀ ਵਿਵਸਥਾ ਲਈ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਸਟਾਫ਼ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਰਦਾਨੇ ਦੀ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਧਿਕਾਰੀ ਟੀਮਾਂ ਬਣਾ ਕੇ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਨਗੇ ਅਤੇ ਸਰਕਾਰੀ ਪ੍ਰਬੰਧਾਂ ਦੀ ਨਜ਼ਰਸਾਨੀ ਵੀ ਕਰਨਗੇ। ਇਸ ਦੌਰਾਨ ਕਿਸੇ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਫ਼ਸਲ ਖਰੀਦੀ ਜਾਵੇਗੀ ਅਤੇ ਨਾਲੋਂ-ਨਾਲ ਲਿਫ਼ਟਿੰਗ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾਵੇਗੀ।