nabaz-e-punjab.com

ਵਾਲ ਅੌਰਤਾਂ ਦੀਆਂ ਗੁੱਤਾਂ ਕੱਟਣ ਪਿੱਛੇ ਕਿਸੇ ਗੈਬੀ ਸ਼ਕਤੀ ਦਾ ਹੱਥ ਕੋਈ ਨਹੀਂ: ਤਰਕਸ਼ੀਲ ਸੁਸਾਇਟੀ

ਤਰਕਸ਼ੀਲ ਸੁਸਾਇਟੀ ਅੌਰਤਾਂ ਦੇ ਵਾਲ ਕੱਟਣ ਪਿੱਛੇ ਗੈਬੀ ਸ਼ਕਤੀ ਦਾ ਹੱਥ ਸਾਬਤ ਕਰਨ ਵਾਲੇ ਨੂੰ 5 ਲੱਖ ਇਨਾਮ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਦੇਸ਼ ਵਿੱਚ ਹੋ ਰਹੀਆਂ ਵਾਲ਼ ਕੱਟਣ ਦੀਆਂ ਘਟਨਾਵਾਂ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਕਿਸੇ ਗੈਬੀ ਸ਼ਕਤੀ ਦਾ ਹੱਥ ਨਹੀਂ ਸਗੋਂ ਇਹ ਮਨੁੱਖ ਦੁਆਰਾ ਹੀ ਕੀਤੀਆਂ ਜਾ ਰਹੀਆਂ ਹਨ। ਇੱਥੇ ਗੱਲਬਾਤ ਕਰਦਿਆਂ ਤਰਕਸ਼ੀਲ ਆਗੂਆਂ ਜਰਨੈਲ ਕ੍ਰਾਂਤੀ, ਪ੍ਰਿੰਸੀਪਲ ਗੁਰਮੀਤ ਸਿੰਘ, ਲੈਕਚਰਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਸੁਸਾਇਟੀ ਦੀਆਂ ਵੱਖ ਵੱਖ ਇਕਾਈਆਂ ਦੁਆਰਾ ਕੀਤੀ ਗਈ ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਮਾਨਸਿਕ ਪ੍ਰੇਸ਼ਾਨੀ, ਅੰਧਵਿਸ਼ਵਾਸ, ਪਰਿਵਾਰ ‘ਚ ਮਾਣ ਸਨਮਾਨ ਦੀ ਘਾਟ, ਹਿਸਟੀਰੀਆ ਅਤੇ ਸਾਡਾ ਸਮਾਜਿਕ ਪ੍ਰਬੰਧ ਜਿੰਮੇਵਾਰ ਹੈ।
ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਜਦੋਂ ਵੀ ਕੋਈ ਵਾਲ ਕੱਟਣ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਸਮੇਂ ਉਹ ਇਕੱਲਾ ਹੁੰਦਾ ਹੈ ਅਤੇ ਜ਼ਿਆਦਾਤਰ ਕੇਸਾਂ ਵਿੱਚ ਸ਼ਿਕਾਇਤ ਕਰਨ ਵਾਲਾ ਖੁਦ ਹੀ ਆਪਣੇ ਵਾਲ਼ ਕੱਟਦਾ ਹੈ। ਉਹਨਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਲੋਕ ਇਹਨਾਂ ਘਟਨਾਵਾਂ ਦੀ ਆੜ ਵਿੱਚ ਘਰ ਚ ਆਪਣਾ ਮਾਣ ਸਨਮਾਨ ਪਾਉਣ, ਵਾਲ਼ ਕਟਵਾਉਣ ਦੀ ਇੱਛਾ ਪੂਰੀ ਕਰਨ ਅਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਵੀ ਇਹੋ ਜਿਹੀਆਂ ਘਟਨਾਵਾਂ ਚ ਲਿਪਤ ਹੋ ਰਹੇ ਹਨ। ਤਰਕਸ਼ੀਲਾਂ ਨੇ ਚੁਣੌਤੀ ਦਿੱਤੀ ਕਿ ਜੇਕਰ ਕੋਈ ਇਹਨਾਂ ਘਟਨਾਵਾਂ ਪਿੱਛੇ ਕਿਸੇ ਗੈਬੀ ਸ਼ਕਤੀ ਦਾ ਹੱਥ ਸਾਬਿਤ ਕਰ ਦੇਵੇ ਤਾਂ ਸੁਸਾਇਟੀ ਉਸ ਨੂੰ ਪੰਜ ਲੱਖ ਰੁਪਏ ਦਾ ਨਕਦ ਇਨਾਮ ਲੋਕਾਂ ਦੀ ਹਾਜ਼ਰੀ ਵਿੱਚ ਦੇਵੇਗੀ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਿੰਬੂ-ਮਿਰਚਾਂ, ਨਿੰਮ ਦੇ ਪੱਤੇ ਟੰਗਣ ਨਾਲ ਨਹੀਂ ਸਗੋਂ ਵਿਗਿਆਨਿਕ ਸੋਚ ਅਪਨਾਉਣ ਨਾਲ ਦੂਰ ਹੋਣਗੀਆਂ।
ਉਹਨਾਂ ਕਿਹਾ ਕਿ ਇਸ ਮਸਲੇੇ ’ਤੇ ਜਿੱਥੇ ਸਰਕਾਰ ਦੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ ਉੱਥੇ ਕਿਸੇ ਸਿਆਸੀ ਪਾਰਟੀ ਨੇ ਇਸ ਮਸਲੇ ’ਤੇ ਅਜੇ ਤੱਕ ਇੱਕ ਸ਼ਬਦ ਤੱਕ ਨਹੀਂ ਬੋਲਿਆ। ਤਰਕਸ਼ੀਲਾਂ ਨੇ ਉਹਨਾਂ ਗੱਲਾਂ ਨੂੰ ਵੀ ਅਧਾਰਹੀਣ ਦੱਸਿਆ ਜਿਸ ਵਿੱਚ ਗੁੱਤਾਂ ਕੱਟਣ ਦਾ ਕਾਰਨ ਇੱਕ ਚੀਨੀ ਕੀੜੇ ਨੂੰ ਦੱਸਿਆ ਗਿਆ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਰਾਜਸਥਾਨ ਸਰਕਾਰ ਦੇ ਇੱਕ ਹੁਕਮ ਦਾ ਹਵਾਲਾ ਦੇ ਕੇ ਸੋਸ਼ਲ ਮੀਡੀਆ ਤੇ ਇਸ ਝੂਠ ਨੂੰ ਫੈਲਾਇਆ ਜਾ ਰਿਹਾ ਹੈ ਜਦਕਿ ਅਜੇ ਤੱਕ ਇਹੋ ਜਿਹਾ ਕੋਈ ਹੁਕਮ ਜਾਰੀ ਨਹੀਂ ਹੋਇਆ। ਉਹਨਾਂ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਮਸਲੇ ’ਤੇ ਡੂੰਘਾਈ ਨਾਲ ਜਾਂਚ ਕਰੇ ਅਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਵੇ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਅੰਧਵਿਸ਼ਵਾਸ਼ੀ ਹੋਣ ਕਾਰਨ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ ਰਹਿੰਦੀਆਂ ਹਨ ਜਿਸ ਵਿੱਚ ਮੰਕੀ ਮੈਨ, ਗਣੇਸ਼ ਦੀਆਂ ਮੂਰਤੀਆਂ ਦਾ ਦੁੱਧ ਪੀਣਾ, ਮੋਬਾਇਲ ਤੇ ਕਾਲ ਸੁਣਨ ਤੇ ਮੌਤ ਹੋਣਾ ਸ਼ਾਮਿਲ ਹੈ। ਉਹਨਾਂ ਜਿੱਥੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਉਥੇ ਸੋਸ਼ਲ ਮੀਡੀਆ ਤੇ ਕੁੱਝ ਵੀ ਅਜਿਹਾ ਨਾ ਭੇਜਣ ਲਈ ਕਿਹਾ ਜਿਸ ਬਾਰੇ ਪੁਖਤਾ ਜਾਣਕਾਰੀ ਨਾ ਹੋਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…