ਪੰਜਾਬ ਦੀ ਆਪ ਸਰਕਾਰ ਦੇ ਪਲੇਠੇ ਬਜਟ ਵਿੱਚ ਆਮ ਆਦਮੀ ਲਈ ਕੁਝ ਵੀ ਨਹੀਂ: ਸਿੱਧੂ

ਆਪ ਸਰਕਾਰ ਦੀ ਵਾਅਦਾਖ਼ਿਲਾਫ਼ੀ: ਅੌਰਤਾਂ ਨੂੰ 1000 ਰੁਪਏ ਦੇਣ ਬਾਰੇ ਕੋਈ ਜ਼ਿਕਰ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪਲੇਠੇ ਬਜਟ ਵਿੱਚ ਲੋਕਾਂ ਲਈ ਕੁੱਝ ਵੀ ਨਹੀਂ ਹੈ। ਉਨ੍ਹਾਂ ਨੇ ਇਸ ਬਜਟ ਨੂੰ ਸਰਕਾਰ ਦੀ ਫੌਕੀ ਲਿਫ਼ਾਫ਼ੇਬਾਜ਼ੀ ਕਰਾਰ ਦਿੱਤਾ ਹੈ। ਸਰਕਾਰ ਨੂੰ ਇਸ ਬਜਟ ਵਿੱਚ ਆਪਣੇ ਚੋਣ ਮਨੋਰਥ ਪੱਤਰ ਮੁਤਾਬਕ ਅੌਰਤਾਂ ਲਈ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸਦਾ ਕੋਈ ਜ਼ਿਕਰ ਵੀ ਨਹੀਂ ਕੀਤਾ। ਮਾਨ ਸਰਕਾਰ ਦਾ ਇਹ ਬਜਟ ਪਿਛਲੇ ਸਰਕਾਰਾਂ ਦੌਰਾਨ ਪੇਸ਼ ਕੀਤੇ ਬਜਟ ਦਾ ਸਿਰਫ਼ ਦਹਰਾਉ ਅਤੇ ਅੰਕੜਿਆਂ ਦਾ ਫੇਰਬਦਲ ਹੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਇਸ ਬਜਟ ਵਿੱਚ ਆਪ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਸੱਤਾ ਪ੍ਰਾਪਤੀ ਲਈ ਪੰਜਾਬ ਵਾਸੀਆਂ ਨੂੰ ਦਿੱਤੀਆਂ ਵੱਡੀਆਂ-ਗਰੰਟੀਆਂ ਦਾ ਕੋਈ ਜ਼ਿਕਰ ਤੱਕ ਨਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੀ ਮਾਲੀ ਹਾਲਤ ਸੁਧਰਨ ਦੀ ਦਿਸ਼ਾ ਵਿੱਚ ਵੀ ਕੋਈ ਢੁਕਵਾਂ ਕਦਮ ਨਹੀ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਰੇਤ ਮਾਫ਼ੀਆ ਖ਼ਤਮ ਕਰਕੇ 20 ਹਜ਼ਾਰ ਕਰੋੜ ਰੁਪਏ ਸੂਬੇ ਦੇ ਵਿਕਾਸ ’ਤੇ ਲਾਉਣ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਅਤੇ ਦਵਾਈਆਂ ਦੇਣ ਵਰਗੇ ਕੀਤੇ ਗਏ ਵਾਅਦੇ ਪੂਰੇ ਕਰਨੇ ਚਾਹੀਦੇ ਸਨ ਪਰ ਮਾਨ ਸਰਕਾਰ ਨੇ ਅਜਿਹਾ ਨਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਦਿੱਤਾ ਹੈ।
ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ’ਤੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜੋ ਮੁੱਦੇ ਪਹਿਲਾਂ ਸਨ, ਉਹੀ ਮੁੱਦੇ ਅਤੇ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ ਅਤੇ ਮਾਨ ਸਰਕਾਰ ਸਿਰਫ਼ ਬਿਆਨਬਾਜ਼ੀ ਨਾਲ ਹੀ ਲੋਕਾਂ ਦੇ ਢਿੱਡ ਭਰਨ ਦਾ ਯਤਨ ਕਰ ਰਹੀ ਹੈ ਜਦੋਂ ਕਿ ਅਸਲੀਅਤ ਵਿੱਚ ਸਰਕਾਰ ਕੋਲੇ ਸੂਬੇ ਨੂੰ ਵਿਕਾਸ ਦੇ ਰਾਹ ’ਤੇ ਤੋਰਨ ਦੀ ਕੋਈ ਕੁਝ ਪੁਖ਼ਤਾ ਨੀਤੀ ਹੀ ਨਹੀ ਹੈ। ਮੌਜੂਦਾ ਸਰਕਾਰ ਦਾ ਕੰਮ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਬਣ ਚੁੱਕਾ ਹੈ।
ਸਿੱਧੂ ਨੇ ਕਿਹਾ ਸਰਕਾਰ ਦਾ ਬਜਟ ‘ਮੁੰਗੇਰੀ ਲਾਲ ਕੇ ਹਸੀਨ ਸਪਨੇ‘ ਤੋਂ ਸਿਵਾ ਕੁਝ ਵੀ ਨਹੀਂ ਹੈ, ਜਿਸ ਕਾਰਨ ਲੋਕਾਂ ਦੀਆਂ ਉਮੀਦਾਂ ਚਕਨਾਚੂਰ ਹੋਈਆਂ ਹਨ। ਕਰਜ਼ਾ ਵੱਧ ਰਿਹਾ ਹੈ ਤੇ ਸਾਰੇ ਪੈਮਾਨਿਆਂ ‘ਤੇ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਲ ਵੱਧ ਰਿਹਾ ਹੈ, ਬਜਟ ਵਿਚ ਕਿਸੇ ਵੀ ਵਰਗ ਲਈ ਕੁਝ ਨਹੀਂ ਹੈ . ਬਜਟ ‘ਚ ਨਾ ਤਾਂ ਖੇਤੀ ਅਤੇ ਨਾ ਹੀ ਸਹਾਇਕ ਧੰਦਿਆਂ ਲਈ ਕੋਈ ਗੱਲ ਕੀਤੀ ਗਈ, ਬਸ ਕੇਵਲ ਇਹ ਬਜਟ ਇਕ ਤਰ੍ਹਾਂ ਨਾਲ ਝੂਠ ਦੀ ਪੰਡ ਸਾਬਤ ਹੋਇਆ ਹੈ. ਪੰਜਾਬ ਨੂੰ ਵਿੱਤੀ ਦੀਵਾਲੀਆਪਨ ਦੇ ਕੰਢੇ ‘ਤੇ ਪਹੁੰਚਾਉਂਦੇ ਹੋਏ 3.47 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਨਵੀਂ ਸਿਖਰ ‘ਤੇ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਮਾਨ ਸਰਕਾਰ 1.96 ਲੱਖ ਕਰੋੜ ਰੁਪਏ ਦੀ ਕੁੱਲ ਬਜਟ ਰਾਸ਼ੀ ਵਿੱਚੋਂ 94410 ਕਰੋੜ ਰੁਪਏ ਕਰਜ਼ਿਆਂ ਤੋਂ ਜੁਟਾ ਰਹੀ ਹੈ। ਇਸ ਤਰ੍ਹਾਂ, ‘ਆਪ‘ ਦੇ ਸਰਕਾਰੀ ਬਜਟ ਦਾ ਅੱਧਾ ਹਿੱਸਾ ਕਰਜ਼ੇ ਲਹਾਉਣ ਤੇ ਹੀ ਲੱਗ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…