
ਪਾਣੀ ਦੀ ਨਿਕਾਸੀ ਅਤੇ ਏਅਰਪੋਰਟ ਸੜਕ ’ਤੇ ਫਲਾਈ-ਓਵਰ ਬਣਾਉਣ ਦੀ ਮੰਗ ਉੱਠੀ
ਤਿੰਨ ਅਹਿਮ ਮਸਲਿਆਂ ਬਾਰੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ, ਮੁਹਾਲੀ, 21 ਸਤੰਬਰ:
ਮੁਹਾਲੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ, ਬਲਾਇੰਡ ਸਪੌਟ ਅਤੇ ਏਅਰਪੋਰਟ ਸੜਕ ’ਤੇ ਫਲਾਈ-ਓਵਰ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮੁਹਾਲੀ ਦੇ ਡਿਪਟੀ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਦੇ ਇਨ੍ਹਾਂ ਤਿੰਨ ਅਹਿਮ ਮਸਲਿਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਉਨ੍ਹਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਇੱਥੋਂ ਦੇ ਫੇਜ਼-1, ਫੇਜ਼-3ਬੀ2, ਫੇਜ਼-4, ਫੇਜ਼-5, ਫੇਜ਼-7, ਫੇਜ਼-11, ਸੈਕਟਰ-70, ਸੈਕਟਰ-71 ਅਤੇ ਮਟੌਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਕਟਰ-71 ਅਤੇ ਏਅਰਪੋਰਟ ਸੜਕ ਲੋੜ ਤੋਂ ਵੱਧ ਉੱਚੀ ਹੋਣ ਕਾਰਨ ਨੀਵੇਂ ਪਾਸੇ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਜਾਂਦਾ ਹੈ।
ਕੁਲਜੀਤ ਬੇਦੀ ਨੇ ਡੀਸੀ ਤੋਂ ਮੰਗ ਕੀਤੀ ਕਿ ਗਮਾਡਾ ਰਾਹੀਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪਟਿਆਲਾ ਕੀ ਰਾਓ ਨਦੀ ਵਿੱਚ ਸੁੱਟੀ ਜਾਵੇ ਜਾਂ ਇਸਦਾ ਕੋਈ ਹੋਰ ਢੁਕਵਾਂ ਪ੍ਰਬੰਧ ਕੀਤਾ ਜਾਵੇ। ਮੁਹਾਲੀ ਏਅਰਪੋਰਟ ਸੜਕ ’ਤੇ ਕਾਫ਼ੀ ਬਲਾਇੰਡ ਸਪੌਟ ਹਨ। ਜਿੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਗੁਰਦੁਆਰਾ ਸਾਹਿਬ ਸੈਕਟਰ-70 ਦੇ ਅੱਗਿਓਂ ਸਿੱਧੀ ਸੜਕ ਬਣਾਉਣ ਦਾ ਪ੍ਰਾਜੈਕਟ ਵੀ ਅਧੂਰਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ। ਲਿਹਾਜ਼ਾ ਘੱਟੋ-ਘੱਟ 4 ਥਾਵਾਂ ਉੱਤੇ ਫਲਾਈ-ਓਵਰ ਬਣਾਇਆ ਜਾਵੇ। ਡਿਪਟੀ ਮੇਅਰ ਨੇ ਡੀਸੀ ਤੋਂ ਮੰਗ ਕੀਤੀ ਕਿ ਲੋਕ-ਹਿੱਤ ਵਿੱਚ ਫੌਰੀ ਤੌਰ ’ਤੇ ਗਮਾਡਾ ਨਾਲ ਤਾਲਮੇਲ ਕਰਕੇ ਉਪਰੋਕਤ ਮਸਲਿਆ ਦਾ ਹੱਲ ਕਰਵਾਇਆ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਵਿੱਚ ਨਿੱਜੀ ਤੌਰ ’ਤੇ ਦਖ਼ਲਅੰਦਾਜ਼ੀ ਕਰਕੇ ਗਮਾਡਾ ਤੋਂ ਇਸ ਦਾ ਹੱਲ ਕਰਵਾਉਣ ਲਈ ਯੋਗ ਪੈਰਵੀ ਕਰਨ ਕਿਉਂਕਿ ਗਮਾਡਾ ਨੇ ਹੀ ਸ਼ਹਿਰ ਵਸਾਇਆ ਹੈ ਅਤੇ ਗਮਾਡਾ ਹੀ ਜ਼ਮੀਨ ਜਾਇਦਾਦ ਦੀ ਖਰੀਦ ਦੇ ਸਾਰੇ ਪੈਸੇ ਅਤੇ ਫੀਸਾਂ ਵਸੂਲਦਾ ਹੈ।