nabaz-e-punjab.com

ਸਫ਼ਾਈ ਸੇਵਕਾਂ/ਸੀਵਰਮੈਨਾਂ ਦਾ ਵੱਖਰਾ ਕਾਡਰ ਬਣਾ ਕੇ ਪੱਕਾ ਕਰਨ ਦੀ ਮੰਗ ਉੱਠੀ, ਸੰਘਰਸ਼ ਦਾ ਐਲਾਨ

ਸਫ਼ਾਈ ਸੇਵਕਾਂ/ਸੀਵਰਮੈਨਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਕੇ ਚੰਡੀਗੜ੍ਹ ਦੇ ਬਰਾਬਰ ਕੀਤਾ ਜਾਵੇ ਡੀਸੀ ਰੇਟ

ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਦੀ ਕਲਾਸ ਫ਼ੋਰ ਗੋਰਮਿੰਟ ਐਂਪਲਾਈਜ ਯੂਨੀਅਨ ਪੰਜਾਬ ਦੀ ਸਾਂਝੀ ਮੀਟਿੰਗ ਸਿਟੀ ਪਾਰਕ ਸੈਕਟਰ-68 ਵਿਖੇ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਰਾਜਨ ਚਾਵਰੀਆ, ਸੰਯੁਕਤ ਸਕੱਤਰ ਆਨਿਲ ਕੁਮਾਰ, ਸਲਾਹਕਾਰ ਸੁਬਰਾਮਨੀਅਮ ਅਤੇ ਹੋਰ ਆਗੂ ਸ਼ਾਮਲ ਹੋਏ। ਆਗੂਆਂ ਵਲੋਂ ਸਫ਼ਾਈ ਸੇਵਕਾਂ/ਸੀਵਰਮੈਨਾਂ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝਾੜੂ ਦੇ ਨਿਸ਼ਾਨ ਤੇ 92 ਸੀਟਾਂ ਜਿੱਤ ਕੇ ਸੱਤਾ ਵਿੱਚ ਆਈ ਹੈ। ਸੱਤਾ ਵਿੱਚ ਆਏ ਕਰੀਬ 2 ਸਾਲ ਹੋ ਗਏ ਹਨ ਪ੍ਰੰਤੂ ਹੁਣ ਤੱਕ ਸਫ਼ਾਈ ਸੇਵਕਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਪਵਨ ਗੋਡਯਾਲ ਵਲੋਂ ਸਰਕਾਰ ਵਲੋਂ ਬਣਾਈ ਗਈ ਰੈਗੂਲਾਈਜੇਸ਼ਨ ਪੋਲਿਸੀ ਜਿਸ ਵਿੱਚ 10 ਸਾਲ ਲਗਾਤਾਰ ਕੰਮ ਕਰਨ ਵਾਲੇ ਕਰਮਚਾਰੀ ਨੂੰ ਪੱਕਾ ਕੀਤਾ ਜਾਵੇਗਾ, ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਅਤੇ ਕਿਹਾ ਕਿ ਸਫਾਈ ਸੇਵਕਾਂ ਨੂੰ ਗੰਦਗੀ ਵਿੱਚ ਰਹਿ ਕੇ ਕੰਮ ਕਰਨ ਨਾਲ ਇਹ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਅਤੇ ਬਿਮਾਰੀ ਦੇ ਕਾਰਨ ਇਨ੍ਹਾਂ ਦੀਆਂ ਜਿੰਦਗੀ ਘੱਟ ਜਾਂਦੀ ਹੈ ਅਤੇ ਉਮਰ ਤੋਂ ਪਹਿਲਾਂ ਹੀ ਇਨ੍ਹਾਂ ਕਰਮਚਾਰੀਆਂ ਦੀ ਮੌਤ ਹੋ ਜਾਂਦੀ ਹੈ।
ਇਸ ਲਈ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਮੰਗ ਕਰਦੀ ਹੈ ਕਿ ਆਪ ਸਰਕਾਰ ਵੱਲੋਂ ਬਣਾਈ ਗਈ ਰੈਗੂਲਾਈਜੇਸ਼ਨ ਪੋਲਿਸੀ ਵਿੱਚ ਸੋਧ ਕਰਕੇ, ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਵੱਖਰਾ ਕੈਡਰ ਬਣਾ ਕੇ, ਲਗਾਤਾਰ ਤਿੰਨ ਸਾਲ ਕੰਮ ਕਰਨ ਵਾਲੇ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ। ਅਤੇ ਜਦੋਂ ਤੱਕ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਚੰਡੀਗੜ੍ਹ ਦੇ ਬਰਾਬਰ ਡੀ.ਸੀ ਰੇਟ ਫਿਕਸ ਕੀਤਾ ਜਾਵੇ। ਅਤੇ ਸਮੂਹ ਪੰਜਾਬ ਦੀਆਂ ਨਗਰ ਕੌਂਸਲਾਂ, ਨਗਰ ਨਿਗਮਾਂ ਵਿੱਚ ਕੰਮ ਕਰ ਰਹੇ ਸਫ਼ਾਈ ਸੇਵਕਾਂ/ਸੀਵਰਮੈਨਾਂ ਤੇ ਈ.ਐਸ.ਆਈ ਐਕਟ ਜਾਂ ਕੋਈ ਹੋਰ ਬਦਲਵੀਂ ਮੈਡੀਕਲ ਸੁਵਿਧਾ ਲਾਗੂ ਕੀਤੀ ਜਾਵੇ। ਸਥਾਨਕ ਸਰਕਾਰ ਵਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਿਕ 500/ਰੁਪਏ ਸਪੈਸ਼ਲ ਤੇਲ ਭੱਤਾ ਸਮੂਹ ਪੰਜਾਬ ਦੇ ਸਫਾਈ ਸੇਵਕਾਂ/ਸੀਵਰਮੈਨਾਂ ਤੇ ਲਾਗੂ ਕੀਤਾ ਜਾਵੇ।
ਦੂਜੇ ਪਾਸੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਵੱਲੋਂ ਦੱਸਿਆ ਗਿਆ ਕਿ ਮੁਹਾਲੀ ਨਗਰ ਨਿਗਮ ਵਿੱਚ ਜਨਵਰੀ 2022 ਵਿੱਚ 733 ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਰਤੀ ਕੀਤੀ ਗਈ ਸੀ। ਹੁਣ ਤੱਕ ਕਰੀਬ 200 ਸਫ਼ਾਈ ਸੇਵਕਾਂ ਵੱਲੋਂ ਨੋਕਰੀ ਛੱਡ ਕੇ ਚਲੇ ਗਏ ਅਤੇ ਪਹਿਲਾਂ ਹੀ ਘੱਟ ਭਰਤੀ ਹੋਣ ਕਾਰਨ ਇਸ ਵੇਲੇ ਘੱਟੋ ਘੱਟ 390 ਸਫਾਈ ਸੇਵਕਾਂ/ਸੀਵਰਮੈਨਾਂ ਦੀ ਘਾਟ ਹੈ। ਅਤੇ ਘੱਟ ਬੰਦੇ ਹੋਣ ਕਾਰਨ ਸ਼ਹਿਰ ਦੀ ਸਫਾਈ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਜਿਸ ਦਾ ਸਿੱਧਾ ਅਸਰ ਸ਼ਹਿਰ ਦੀ ਸਵੱਛਤਾ ਰੈਂਕਿੰਗ ’ਤੇ ਪੈਂਦਾ ਹੈ।
ਜਥੇਬੰਦੀ ਮੰਗ ਕਰਦੀ ਹੈ ਕਿ ਤੁਰੰਤ ਹੀ ਨਗਰ ਨਿਗਮ ਮੁਹਾਲੀ ਖਾਲੀ ਪਈਆਂ ਸਫ਼ਾਈ ਸੇਵਕਾਂ/ਸੀਵਰਮੈਨਾਂ ਦੀਆਂ ਅਸਾਮੀਆਂ ਭਰਨ ਸਬੰਧੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜੇ। ਪਵਨ ਗੋਡਯਾਲ ਵਲੋਂ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਤੁਰੰਤ ਹੀ ਸਰਕਾਰ/ਨਗਰ ਨਿਗਮ ਮੁਹਾਲੀ ਸਫ਼ਾਈ ਸੇਵਕਾਂ ਦੀਆਂ ਮੰਗਾਂ ਸਬੰਧੀ ਜਥੇਬੰਦੀ ਨਾਲ ਗੱਲਬਾਤ ਕਰਕੇ ਉਕਤ ਅਨੁਸਾਰ ਮੰਗਾਂ ਦਾ ਨਿਪਟਾਰਾ ਕਰੇ ਨਹੀਂ ਤਾਂ ਮਜਬੂਰਨ ਜਥੇਬੰਦੀ ਨੂੰ ਸਮੂਹ ਪੰਜਾਬ ਵਿੱਚ ਸੰਘਰਸ਼ ਦਾ ਰਾਹ ਅਖਤਿਆਰ ਕਰਕੇ ਹੜਤਾਲ ਤੇ ਜਾਣਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …