ਪਿੰਡ ਭੜੌਜੀਆਂ ਵਿੱਚ ਸ਼ਹੀਦ ਕਰਨਲ ਦੀ ਯਾਦ ਵਿੱਚ ਆਰਮੀ ਸਕੂਲ ਖੋਲ੍ਹਣ ਦੀ ਮੰਗ ਉੱਠੀ

ਨਬਜ਼-ਏ-ਪੰਜਾਬ, ਮੁਹਾਲੀ, 16 ਸਤੰਬਰ:
ਜੰਮੂ-ਕਸ਼ਮੀਰ ਦੇ ਅਨੰਤਨਾਗ ਖੇਤਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸਮਾਜ ਸੇਵੀ ਅਰਵਿੰਦ ਪੁਰੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਭੜੌਜੀਆਂ ਦੇ ਪ੍ਰਧਾਨ ਤੇਜਵੀਰ ਸਿੰਘ ਤੇਜ਼ੀ, ਸਰਪੰਚ ਰਜਿੰਦਰ ਸਿੰਘ ਸਮੇਤ ਹੋਰਨਾਂ ਨੌਜਵਾਨਾਂ ਅਤੇ ਮੋਹਤਬਰ ਵਿਅਕਤੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪਿੰਡ ਭੜੌਜੀਆਂ ਵਿੱਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਂਅ ’ਤੇ ਆਰਮੀ ਸਕੂਲ ਖੋਲ੍ਹਿਆ ਜਾਵੇ ਤਾਂ ਜੋ ਭੜੌਜੀਆਂ ਸਮੇਤ ਹੋਰ ਨੇੜਲੇ ਪਿੰਡਾਂ ਦੇ ਵੱਧ ਤੋਂ ਵੱਧ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਨਵੀਂ ਪੀੜ੍ਹੀ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾ ਸਕੇ।
ਸ਼ਹੀਦ ਕਰਨਲ ਨੇ ਅੰਤਿਮ ਦਰਸ਼ਨਾਂ ਅਤੇ ਸ਼ਰਧਾ ਦੇ ਫੁਲ ਭੇਟ ਕਰਨ ਲਈ ਮੁਹਾਲੀ ਸਮੇਤ ਖਰੜ, ਕੁਰਾਲੀ, ਮੁੱਲਾਂਪੁਰ ਗਰੀਬਦਾਸ, ਬਲਾਕ ਮਾਜਰੀ ਸਮੇਤ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਵਸਨੀਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਪਿੰਡ ਵਾਸੀ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਆਪੋ-ਆਪਣੇ ਘਰਾਂ ਦੇ ਬਾਹਰ ਖੜ੍ਹੇ ਸਨ ਅਤੇ ਸਾਰੇ ਭਾਰਤ ਮਾਤਾ ਦੀ ਜੈ, ਕਰਨਲ ਮਨਪ੍ਰੀਤ ਅਮਰ ਰਹੇ ਅਤੇ ਕਰਨਲ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਦੇ ਨਾਅਰੇ ਲਗਾ ਰਹੇ ਸਨ। ਸ਼ਹੀਦ ਕਰਨਲ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ। ਉਸਦੇ ਪਿਤਾ ਲਖਵੀਰ ਸਿੰਘ ਅਤੇ ਦਾਦਾ ਸ਼ੀਤਲ ਸਿੰਘ ਨੇ ਫੌਜ ਦੀ ਨੌਕਰੀ ਕੀਤੀ ਹੈ।
ਇਸ ਮੌਕੇ ਕੇਂਦਰੀ ਵਿਸ਼ਵ ਵਿਦਿਆਲਾ ਮੁੱਲਾਂਪੁਰ ਗਰੀਬਦਾਸ ਦੇ ਕਈ ਉਹ ਮੌਜੂਦਾ ਅਤੇ ਸੇਵਾਮੁਕਤ ਅਧਿਆਪਕ ਵੀ ਪਹੁੰਚੇ ਹੋਏ ਸਨ। ਜਿਨ੍ਹਾਂ ਕੋਲੋਂ ਕਰਨਲ ਮਨਪ੍ਰੀਤ ਸਿੰਘ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ। ਇਨ੍ਹਾਂ ਵਿੱਚ ਸੇਵਾਮੁਕਤ ਅਧਿਆਪਕਾ ਆਸ਼ਾ ਚੱਡਾ, ਇੰਦੂ ਸ਼ਰਮਾ ਅਤੇ ਸਤਿੰਦਰ ਸਿੰਘ ਚੱਡਾ ਸ਼ਾਮਲ ਹਨ। ਜਦੋਂਕਿ ਆਸ਼ੂ ਸ਼ਾਰਦਾ ਹਾਲੇ ਵੀ ਕੇਂਦਰੀ ਵਿਦਿਆਲਾ ਵਿੱਚ ਪੜ੍ਹਾ ਰਹੇ ਹਨ।
ਸਮਾਜ ਸੇਵੀ ਅਰਵਿੰਦ ਪੁਰੀ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਸਿੰਘ ਨੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਮੁੱਢਲੀ ਪੜ੍ਹਾਈ ਆਸ਼ਾ ਚੱਡਾ ਤੋਂ ਹਾਸਲ ਕੀਤੀ ਹੈ। ਜਦੋਂਕਿ ਛੇਵੀਂ ਤੋਂ 10 ਜਮਾਤ ਤੱਕ ਉਹ ਮੈਡਮ ਇੰਦੂ ਸ਼ਰਮਾ ਕੋਲ ਪੜ੍ਹੇ ਹਨ। ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਕਰਨਲ ਮਨਪ੍ਰੀਤ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਹਮੇਸ਼ਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਸੀ। ਉਹ ਬਹੁਤ ਹੀ ਮਿਲਾਪੜਾ ਅਤੇ ਸਾਊ ਸੁਭਾਅ ਵਾਲਾ ਸੀ। ਦੇਸ਼ ਭਗਤੀ ਦੀ ਗੂੜਤੀ ਉਸ ਨੂੰ ਆਪਣੇ ਵਿਰਸੇ ’ਚੋਂ ਹੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਕਰਨਲ ਦੇ ਜਮਾਤੀ ਸ਼ਮਿੰਦਰ ਹੱੁਡਾ, ਕੁਨਾਲ ਸ਼ਰਮਾ, ਡੀਕੇ ਸਪਨਾ, ਦਿੱਲੀ ਤੋਂ ਸੰਦੀਪ ਕੁਮਾਰ ਅਤੇ ਨਾਸਾ ਅਤੇ ਹੈਦਰਾਬਾਦ ਤੋਂ ਵੀ ਕਰਨਲ ਦੇ ਮਿੱਤਰਚਾਰੇ ’ਚੋਂ ਪਹੁੰਚੇ ਵਿਅਕਤੀਆਂ ਨੇ ਸ਼ਰਧਾ ਦੇ ਫੁਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਰੰਗਲੇ ਯਾਰ ’ਤੇ ਮਾਣ ਹੈ। ਜਿਸ ਨੇ ਦੇਸ਼ ਲਈ ਆਪਣਾ ਆਪਾ ਵਾਰ ਦਿੱਤਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਭਾਜਪਾ ਆਗੂ ਕਮਲਦੀਪ ਸਿੰਘ ਨੇ ਸ਼ਰਧਾਂਜਲੀ ਦਿੱਤੀ।
ਉਧਰ, ਪਿੰਡ ਦੇ ਨੌਜਵਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਵੀ ਦੇਖਣ ਵਿੱਚ ਮਿਲਿਆ ਕਿਉਂਕਿ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਿਮ ਸਸਕਾਰ ਵਾਲੀ ਥਾਂ (ਜਿੱਥੇ ਲੋਕਾਂ ਨੇ ਸ਼ਹੀਦ ਦੇ ਅੰਤਿਮ ਦਰਸ਼ਨ ਕਰਕੇ ਸ਼ਰਧਾਂਜਲੀਆਂ ਭੇਟ ਕਰਨੀਆਂ ਸਨ) ਦੀ ਸਾਫ਼-ਸਫ਼ਾਈ ਅਤੇ ਜ਼ਮੀਨ ਨੂੰ ਪੱਧਰਾ ਕਰਨ ਲਈ ਕੁੱਝ ਨਹੀਂ ਕੀਤਾ ਗਿਆ। ਜਿਸ ਕਾਰਨ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਹੀ ਸਬੰਧਤ ਜਗ੍ਹਾ ਦੀ ਸਫ਼ਾਈ ਅਤੇ ਜ਼ਮੀਨ ਨੂੰ ਪੱਧਰਾ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…