
ਪੰਜਾਬ ਨੈਸ਼ਨਲ ਬੈਂਕ ਦੇ ਬਾਹਰੋਂ ਏਟੀਐਮ ਮਸ਼ੀਨ ਹੀ ਪੁੱਟ ਕੇ ਲੈ ਗਏ ਚੋਰ, ਜਾਂਚ ਸ਼ੁਰੂ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 10 ਜੂਨ:
ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ਦੇ ਕੰਢੇ ਪੰਜਾਬ ਨੈਸ਼ਨਲ ਬੈਂਕ ਦੀ ਏਟੀਐਮ ਮਸ਼ੀਨ ’ਚੋਂ ਲੱਖਾਂ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ ਦੋ ਵਜੇ ਵਾਪਰੀ ਦੱਸੀ ਜਾ ਰਹੀ ਹੈ। ਚੋਰ ਜਾਣ ਵੇਲੇ ਮਸ਼ੀਨ ਵੀ ਚੋਰੀ ਕਰਕੇ ਆਪਣੇ ਨਾਲ ਲੈ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਕਸਬਾ ਦੱਪਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਲੋਕਾਂ ਦੀ ਸੁਵਿਧਾ ਲਈ ਏਟੀਐਮ ਹੈ। ਜਿੱਥੋਂ ਏਟੀਐਮ ਮਸ਼ੀਨ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰਾਂ ਨੇ ਉੱਥੋਂ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ। ਇਸ ਉਪਰੰਤ ਅਣਪਛਾਤੇ ਚੋਰ ਏਟੀਐਮ ਮਸ਼ੀਨ ਹੀ ਪੁੱਟ ਕੇ ਆਪਣੇ ਨਾਲ ਲਿਜਾਉਣ ਵਿੱਚ ਸਫਲ ਹੋ ਗਏ। ਬੈਂਕ ਦੇ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਉਧਰ, ਲੈਹਲੀ ਪੁਲੀਸ ਚੌਕੀ ਦੇ ਇੰਚਰਾਜ ਕੁਲਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਤੁਰੰਤ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਚੋਰੀ ਦੀ ਵਾਰਦਾਤ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਏਟੀਐਮ ਦੀ ਰਖਵਾਲੀ ਲਈ ਉੱਥੇ ਕੋਈ ਸੁਰੱਖਿਆ ਗਾਰਡ ਨਹੀਂ ਹੁੰਦਾ ਹੈ। ਜਿਸ ਦਾ ਲਾਹਾ ਲੈਂਦਿਆਂ ਅਣਪਛਾਤੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।