ਮੁਹਾਲੀ ਜ਼ਿਲ੍ਹੇ ’ਚ 292 ਬੱਚਿਆਂ ਨੂੰ ਪੋਲੀਓ ਵੈਕਸੀਨ ਦੀ ਤੀਜੀ ਖ਼ੁਰਾਕ ਦਿੱਤੀ: ਸਿਵਲ ਸਰਜਨ

ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ’ਚ ਪੋਲੀਓ ਵਾਇਰਸ ਦਾ ਸੰਚਾਰ ਅੱਜ ਵੀ ਜਾਰੀ

1 ਜਨਵਰੀ ਤੋਂ ਬੱਚਿਆਂ ਦੇ ਆਮ ਟੀਕਾਕਰਨ ਵਿਚ ਪੋਲੀਓ ਰੋਕਥਾਮ ਦਾ ਤੀਜਾ ਟੀਕਾ ਸ਼ਾਮਲ : ਡਾ. ਆਦਰਸ਼ਪਾਲ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਸਿਹਤ ਵਿਭਾਗ ਨੇ 1 ਜਨਵਰੀ ਤੋਂ ਬੱਚਿਆਂ ਦੇ ਟੀਕਾਕਰਨ ਵਿੱਚ ਪੋਲੀਓ ਰੋਕਥਾਮ ਦਾ ਤੀਜਾ ਟੀਕਾ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ ਵਿੱਚ ਅੱਜ ਮਨਾਏ ਗਏ ਮਮਤਾ ਦਿਵਸ ਦੌਰਾਨ ਯੋਗ ਬੱਚਿਆਂ ਨੂੰ ਇਹ ਤੀਜਾ ਟੀਕਾ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਹੋਏ ਸਮਾਰੋਹ ਦੌਰਾਨ ਪੋਲੀਓ ਰੋਕਥਾਮ ਦਾ ਤੀਜਾ ਟੀਕਾ ਲਗਾਉਣ ਦੇ ਅਮਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਪੋਲੀਓ ਟੀਕਾਕਰਨ ਸਮਾਂ-ਸਾਰਣੀ ਵਿੱਚ ਬਦਲਾਅ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ’ਤੇ 1 ਜਨਵਰੀ ਤੋਂ ਸਾਰੇ ਯੋਗ ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਦੀਆਂ ਤਿੰਨ ਖ਼ੁਰਾਕਾਂ ਦਿੱਤੀਆਂ ਜਾਣਗੀਆਂ। ਇਸ ਸਬੰਧੀ ਏਐਨਐਮਜ਼ ਤੇ ਆਸ਼ਾ ਵਰਕਰਾਂ ਨੂੰ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੋਲੀਓ ਰੋਕਥਾਮ ਲਈ ਦੋ ਟੀਕੇ ਲਗਾਏ ਜਾਂਦੇ ਸਨ, ਜਿਹੜੇ ਬੱਚੇ ਦੇ ਜਨਮ ਦੇ 6ਵੇਂ ਅਤੇ 14ਵੇਂ ਹਫ਼ਤੇ ਲਗਦੇ ਸਨ ਪਰ ਹੁਣ ਤੀਜਾ ਟੀਕਾ ਵੀ ਲਗਾਇਆ ਜਾਵੇਗਾ। ਇਹ ਟੀਕਾ ਬੱਚੇ ਦੀ ਉਮਰ 9 ਮਹੀਨੇ ਹੋ ਜਾਣ ’ਤੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਦੇਸ਼ਾਂ ਵਿੱਚ ਪੋਲੀਓ ਵਾਇਰਸ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ ਜਦਕਿ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ’ਚ ਇਸ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ। ਇਸ ਕਾਰਨ ਪੋਲੀਓ ਵਾਇਰਸ ਉਨ੍ਹਾਂ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਦੀ ਖ਼ੁਰਾਕ ਨਹੀਂ ਲਈ। ਇਸ ਖ਼ਤਰੇ ਨੂੰ ਦੇਖਦਿਆਂ ਭਾਰਤ ਵਿੱਚ ਬੱਚਿਆਂ ਦੀ ਆਮ ਟੀਕਾਕਰਨ ਸੂਚੀ ਵਿੱਚ ਪੋਲੀਓ ਟੀਕੇ ਦੀ ਇਕ ਵਾਧੂ ਖ਼ੁਰਾਕ ਜਾਂ ਬੂਸਟਰ ਡੋਜ਼ ਸ਼ਾਮਲ ਕੀਤੀ ਗਈ ਹੈ।
ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਤੀਜਾ ਟੀਕਾ ਬੱਚੇ ਦੇ 9 ਮਹੀਨੇ ਦਾ ਹੋਣ ’ਤੇ ਮੀਜ਼ਲ-ਰੂਬੇਲਾ ਵੈਕਸੀਨ ਦੀ ਪਹਿਲੀ ਖ਼ੁਰਾਕ ਨਾਲ ਲਗਾਇਆ ਜਾਵੇਗਾ ਜਦਕਿ ਮੂੰਹ ਰਾਹੀਂ ਪੋਲੀਓ ਖ਼ੁਰਾਕ ਪਹਿਲਾਂ ਵਾਂਗ ਹੀ ਦਿਤੀ ਜਾਂਦੀ ਰਹੇਗੀ। ਜਿਹੜੇ ਬੱਚੇ ਪਹਿਲਾਂ ਹੀ ਮੀਜ਼ਲ-ਰੂਬੇਲਾ ਵੈਕਸੀਨ ਦੀ ਪਹਿਲੀ ਖ਼ੁਰਾਕ ਲੈ ਚੁੱਕੇ ਹਨ, ਉਨ੍ਹਾਂ ਨੂੰ ਪੋਲੀਓ ਵੈਕਸੀਨ ਦੀ ਤੀਜੀ ਖ਼ੁਰਾਕ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਟੀਕਾਕਰਨ ਪ੍ਰੋਗਰਾਮ ਅਧੀਨ ਪੀਲੀਆ, ਪੋਲੀਓ, ਤਪਦਿਕ, ਗਲਘੋਟੂ, ਕਾਲੀ ਖੰਘ, ਟੈਟਨਸ, ਨਿਮੋਨੀਆ, ਦਸਤ, ਖ਼ਸਰਾ ਤੇ ਰੂਬੇਲਾ ਅਤੇ ਅੰਧਰਾਤ ਵਰਗੀਆਂ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਉਣ ਲਈ ਟੀਕੇ ਲਗਾਏ ਜਾਂਦੇ ਹਨ। ਸਿਹਤ ਮਾਹਰਾਂ ਮੁਤਾਬਕ ਪੋਲੀਓ ਵੈਕਸੀਨ ਦੀ ਤੀਜੀ ਖ਼ੁਰਾਕ ਸ਼ੁਰੂ ਹੋਣ ਨਾਲ ਬੱਚਿਆਂ ਦੇ ਸਰੀਰ ਵਿੱਚ ਪੋਲੀਓ ਨਾਲ ਲੜਨ ਦੀ ਹੋਰ ਤਾਕਤ ਪੈਦਾ ਹੋਵੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਐਸਐਮਓ ਡਾ. ਐਚਐਸ ਚੀਮਾ, ਡਾ. ਵਿਜੇ ਭਗਤ, ਬਾਲ ਰੋਗ ਮਾਹਰ ਡਾ. ਰਵਿਕਾ, ਡਾ. ਪਰਮਿੰਦਰਜੀਤ ਸਿੰਘ ਤੇ ਹੋਰ ਸਿਹਤ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…