Share on Facebook Share on Twitter Share on Google+ Share on Pinterest Share on Linkedin ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਤੀਜਾ ਨੋਟਿਸ ਜਾਰੀ ਮਟੌਰ ਥਾਣਾ ਦੇ ਐਸਐਚਓ ਵੱਲੋਂ 30 ਸਤੰਬਰ ਨੂੰ ਸਵੇਰੇ 11 ਵਜੇ ਸਿੱਟ ਅੱਗੇ ਪੇਸ਼ ਹੋਣ ਦੀ ਹਦਾਇਤ ਬਹੁਤ ਸਾਰੇ ਅਹਿਮ ਅਣਛੂਹੇ ਪਹਿਲੂਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਨੀ ਬਾਕੀ: ਪੁਲੀਸ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ: ਸੀਨੀਅਰ ਆਈਏਐਸ ਦੇ ਸਪੁੱਤਰ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਬਹੁਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲੀਸ ਵੱਲੋਂ ਅੱਜ ਤੀਜਾ ਨੋਟਿਸ ਜਾਰੀ ਕੀਤਾ ਗਿਆ। ਮਟੌਰ ਥਾਣਾ ਦੇ ਐਸਐਚਓ ਦੇ ਦਸਖ਼ਤਾਂ ਹੇਠ ਜਾਰੀ ਕੀਤੇ ਨੋਟਿਸ ਵਿੱਚ ਸੈਣੀ ਨੂੰ ਭਲਕੇ 30 ਸਤੰਬਰ (ਬੁੱਧਵਾਰ) ਨੂੰ ਦੁਬਾਰਾ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸਾਬਕਾ ਡੀਜੀਪੀ ਨੂੰ ਭੇਜੇ ਤੀਜੇ ਨੋਟਿਸ ਦੀ ਪੁਸ਼ਟੀ ਕਰਦਿਆਂ ਸਿੱਟ ਦੇ ਇਕ ਮੈਂਬਰ ਨੇ ਦੱਸਿਆ ਕਿ ਬੀਤੇ ਕੱਲ੍ਹ ਵੀ ਸੈਣੀ ਤੋਂ ਮਟੌਰ ਥਾਣੇ ਵਿੱਚ ਲਗਾਤਾਰ ਛੇ ਘੰਟੇ ਪੁੱਛਗਿੱਛ ਕੀਤੀ ਗਈ ਹੈ ਅਤੇ ਇਸ ਦੌਰਾਨ ਉਸ ਕੋਲੋਂ ਮੁਲਤਾਨੀ ਕੇਸ ਬਾਰੇ ਤਕਰੀਬਨ 200 ਤੋਂ ਵੱਧ ਸਵਾਲ ਪੁੱਛੇ ਗਏ ਹਨ ਲੇਕਿਨ ਹਾਲੇ ਵੀ ਬਹੁਤ ਸਾਰੇ ਅਹਿਮ ਪਹਿਲੂ ਅਣਛੂਹੇ ਪਏ ਹਨ। ਜਿਨ੍ਹਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਨੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸੈਣੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਸੂਤਰਾਂ ਕਹਿਣਾ ਹੈ ਕਿ ਭਲਕੇ ਵਾਅਦਾ ਮੁਆਫ਼ ਗਵਾਹ ਬਣੇ ਅਤੇ ਚਸ਼ਮਦੀਦ ਗਵਾਹਾਂ ਨੂੰ ਵੀ ਸੱਦਿਆ ਜਾ ਸਕਦਾ ਹੈ ਕਿਉਂਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਵਾਅਦਾ ਮੁਆਫ਼ ਗਵਾਹ ਅਤੇ ਚਸ਼ਮਦੀਦ ਗਵਾਹਾਂ ਅਤੇ ਸੈਣੀ ਨੂੰ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਬਹੁਤ ਲਾਜ਼ਮੀ ਹੈ। ਇਸ ਤੋਂ ਪਹਿਲਾਂ ਵੀ ਪੁਲੀਸ ਨੇ ਬੀਤੀ 21 ਸਤੰਬਰ ਅਤੇ 27 ਸਤੰਬਰ ਨੂੰ ਸੈਣੀ ਨੂੰ ਨੋਟਿਸ ਭੇਜ ਕੇ ਉਸ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ। ਪਹਿਲੇ ਨੋਟਿਸ ’ਤੇ 23 ਸਤੰਬਰ ਨੂੰ ਤਾਂ ਸੈਣੀ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਸੀ ਪ੍ਰੰਤੂ ਦੂਜੇ ਨੋਟਿਸ ’ਤੇ ਬੀਤੇ ਕੱਲ੍ਹ ਸੋਮਵਾਰ ਨੂੰ ਸਵੇਰੇ 11 ਵਜੇ ਸੈਣੀ ਜਾਂਚ ਵਿੱਚ ਸ਼ਾਮਲ ਹੋਣ ਲਈ ਮਟੌਰ ਥਾਣੇ ਵਿੱਚ ਸਿੱਟ ਦੇ ਸਾਹਮਣੇ ਪੇਸ਼ ਹੋਏ ਸੀ। ਜਿੱਥੇ ਮੁਹਾਲੀ ਦੇ ਐਸਪੀ (ਡੀ) ਅਤੇ ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਉਸ ਤੋਂ 6 ਘੰਟੇ ਪੁੱਛਗਿੱਛ ਕੀਤੀ। ਇਸ ਪੂਰੀ ਕਾਰਵਾਈ ਦੀ ਵੀਡੀਓ ਗਰਾਫ਼ੀ ਵੀ ਕੀਤੀ ਗਈ ਹੈ, ਪ੍ਰੰਤੂ ਕੋਈ ਵੀ ਅਧਿਕਾਰੀ ਇਹ ਦੱਸਣ ਨੂੰ ਤਿਆਰ ਨਹੀਂ ਹੈ ਕਿ ਸੈਣੀ ਤੋਂ ਕਿਹੜੇ ਸਵਾਲ ਪੁੱਛੇ ਗਏ ਅਤੇ ਕੀ ਉਹ ਸੈਣੀ ਦੇ ਬਿਆਨਾਂ ਤੋਂ ਸੰਤੁਸ਼ਟ ਹਨ ਜਾਂ ਨਹੀਂ? ਸਿੱਟ ਦੇ ਮੈਂਬਰ ਗੋਲ ਮੋਲ ਜਵਾਬ ਦੇ ਕੇ ਗੱਲ ਨੂੰ ਟਾਲ ਦਿੰਦੇ ਹਨ। ਉਧਰ, ਸੂਤਰ ਦੱਸਦੇ ਹਨ ਕਿ ਸੈਣੀ ਨੇ ਪੁਲੀਸ ਦੇ ਜ਼ਿਆਦਾਤਰ ਸਵਾਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਪੁਲੀਸ ਨੇ ਸਖ਼ਤੀ ਨਾਲ ਪੁੱਛਗਿੱਛ ਕਰਨ ਦੀ ਹਿੰਮਤ ਦਿਖਾਈ। ਇਹੀ ਨਹੀਂ ਪੁੱਛਗਿੱਛ ਤੋਂ ਬਾਅਦ ਸੈਣੀ ਵੱਲੋਂ ਆਪਣੀ ਇਨੋਵਾ ਕਾਰ ਅਤੇ ਸੁਰੱਖਿਆ ਅਮਲੇ ਨੂੰ ਥਾਣੇ ਦੇ ਅੰਦਰ ਬੁਲਾਉਣਾ ਵੀ ਕਾਨੂੰਨ ਦੀ ਨਜ਼ਰ ਵਿੱਚ ਗਲਤ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਬਕਾ ਡੀਜੀਪੀ ਬਤੌਰ ਮੁਲਜ਼ਮ ਸਿੱਟ ਅੱਗੇ ਪੇਸ਼ ਹੋਣ ਆਏ ਸੀ। ਲਿਹਾਜ਼ਾ ਜਿਵੇਂ ਉਹ ਸਵੇਰੇ ਆਪਣੀ ਗੱਡੀ ਥਾਣੇ ਦੇ ਬਾਹਰ ਖੜੀ ਕਰਕੇ ਅੰਦਰ ਪੈਦਲ ਚੱਲ ਕੇ ਗਏ ਸੀ, ਓਵੇਂ ਹੀ ਪੁੱਛਗਿੱਛ ਤੋਂ ਬਾਅਦ ਥਾਣੇ ਤੋਂ ਬਾਹਰ ਆਉਣਾ ਸੀ ਪ੍ਰੰਤੂ ਅਜਿਹਾ ਨਹੀਂ ਹੋਇਆ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾਂ ਵੀ ਪੂਰੇ ਜ਼ੋਰਾਂ ’ਤੇ ਹੈ ਕਿ ਸੈਣੀ ਨੂੰ ਥਾਣੇ ਵਿੱਚ ਵੀਆਈਪੀ ਟਰੀਟਮੈਂਟ ਦਿੱਤਾ ਗਿਆ ਹੈ। ਇਹ ਸਾਰੇ ਸਵਾਲ ਪੁਲੀਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨਚਿੰਨ੍ਹ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਨ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐਮ.ਆਰ. ਸ਼ਾਹ ’ਤੇ ਆਧਾਰਿਤ ਵਿਸ਼ੇਸ਼ ਬੈਂਚ ਨੇ ਸਾਬਕਾ ਡੀਜੀਪੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਂਦਿਆਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਨਾਲ ਹੀ ਸੂਬਾ ਸਰਕਾਰ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਸੀ। ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ