
ਪਿੰਡ ਸੋਲਖੀਆਂ ਵਿੱਚ ਤੀਜਾ ਖੇਡ ਮੇਲਾ ਸ਼ਾਨੌ ਸ਼ੌਕਤ ਨਾਲ ਸਮਾਪਤ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਮਈ:
ਇੱਥੋਂ ਦੇ ਨੇੜਲੇ ਪਿੰਡ ਸੋਲਖੀਆਂ ਵਿਖੇ ਸ਼ੇਰ-ਏ-ਪੰਜਾਬ ਕਲੱਬ ਵੱਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤੀਸਰਾ ਸ਼ਾਨਦਾਰ ਖੇਡ ਮੇਲਾ ਉਘੇ ਖੇਡ ਪ੍ਰਮੋਟਰ ਜੰਗ ਸਿੰਘ ਸੋਲਖੀਆਂ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿੱਚ ਬੈਲਗੱਡੀਆਂ ਅਤੇ ਘੋੜ ਦੌੜਾਂ ਕਰਵਾਈਆਂ ਗਈਆਂ। ਇਸ ਖੇਡ ਮੇਲੇ ਦਾ ਉਦਘਾਟਨ ਇਕਬਾਲ ਸਿੰਘ ਸਾਲਾਪੁਰ ਅਤੇ ਉੱਘੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਨਰਿੰਦਰ ਸਿੰਘ ਸਿੰਹੋਂਮਾਜਰਾ ਨੇ ਸਾਂਝੇ ਰੂਪ ਵਿਚ ਰੀਬਨ ਕੱਟ ਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੀਨੀਅਰ ਕਾਂਗਰਸ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਉੱਘੇ ਸਮਾਜ ਸੇਵਕ ਦਵਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਗਿੱਲ ਨੇ ਹਾਜ਼ਰੀ ਭਰਦਿਆਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਜੰਗ ਸਿੰਘ ਸੋਲਖੀਆਂ ਨੇ ਦੱਸਿਆ ਕਿ ਬੈਲਗੱਡੀਆਂ ਦੀਆਂ ਦੌੜਾਂ ਵਿਚ ਜੌਨੀ ਹਰਿਆਣਾ ਦੀ ਬੈਲਗੱਡੀ ਨੇ ਪਹਿਲਾ, ਜੰਗ ਸਿੰਘ ਸੋਲਖੀਆਂ ਦੀ ਬੈਲਗੱਡੀ ਨੇ ਦੂਸਰਾ, ਜੰਗ ਸਿੰਘ ਸੋਲਖੀਆਂ ਦੀ ਬੈਲਗੱਡੀ ਨੇ ਤੀਸਰਾ, ਜੰਗ ਬਲਾਲ ਦੀ ਬੈਲਗੱਡੀ ਨੇ ਚੌਥਾ ਸਥਾਨ ਹਾਸਲ ਕੀਤਾ ਅਤੇ ਘੋੜ ਦੌੜਾਂ ਵਿਚ ਬਾਸੀ ਗੁੱਜਰਾਂ ਦੇ ਘੋੜੇ ਨੇ ਪਹਿਲਾ, ਜੰਗ ਸਿੰਘ ਸੋਲਖੀਆਂ ਦੇ ਘੋੜੇ ਨੇ ਦੂਸਰਾ, ਨਾਗਰ ਸਿੰਘ ਹਰੀਆਂ ਵੇਲਾਂ ਦੇ ਘੋੜੇ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਮੁਖ ਪ੍ਰਬੰਧਕ ਜੰਗ ਸਿੰਘ ਸੋਲਖੀਆਂ ਨੇ ਆਏ ਖੇਡ ਪ੍ਰੇਮੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਅਜਿਹੇ ਖੇਡ ਮੇਲੇ ਕਰਵਾਉਣ ਲਈ ਯਤਨਸੀਲ ਰਹਿਣਗੇ ਤਾਂ ਜੋ ਪੁਰਾਤਨ ਖੇਡਾਂ ਨੂੰ ਜੀਵਤ ਰੱਖਿਆ ਜਾ ਸਕੇ। ਇਸ ਮੌਕੇ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਬਹਾਦਰ ਸਿੰਘ, ਜੈ ਸਿੰਘ ਚੱਕਲਾਂ, ਨੰਬਰਦਾਰ ਰਘਵੀਰ ਸਿੰਘ, ਹਰੀ ਸਿੰਘ ਮਹੰਤ, ਬੀਬੀ ਗੁਰਨਾਮ ਕੌਰ ਪੰਚ, ਕਮਲਜੀਤ ਪੰਚ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਮਿਹਰ ਸਿੰਘ ਸਰਪੰਚ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।