
ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਜੇਲ੍ਹਾਂ ’ਚ ਡੱਕਿਆ ਜਾਵੇ: ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਤਨਦੇਹੀ ਨਾਲ ਕੰਮ ਕਰਨ ਦਾ ਲਿਆ ਅਹਿਦ
ਕੈਪਟਨ ਸਿੱਧੂ ਦੀ ਅਗਵਾਈ ਵਿੱਚ ਮੁਹਾਲੀ ਦੇ ਅਕਾਲੀ ਵਰਕਰਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਸਿਆਸੀ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਨਾਲ ਮਿਲ ਕੇ ਐਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ। ਉਹ ਇੱਥੇ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਬਾਦਲ ਦਲ ਦੇ ਹਲਕਾ ਇੰਚਾਰਜ ਰਹੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਮੁਹਾਲੀ ਹਲਕੇ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਸੱਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਨ ਦਾ ਅਹਿਦ ਲਿਆ।
ਸ੍ਰੀ ਢੀਂਡਸਾ ਨੇ ਕਿਹਾ ਕਿ ਉਹ ਵਫ਼ਾਦਾਰ ਵਰਕਰਾਂ ਦੇ ਪ੍ਰਧਾਨ ਜਦੋਂਕਿ ਸੁਖਬੀਰ ਬਾਦਲ ਵਪਾਰੀਆਂ ਦੇ ਅਕਾਲੀ ਦਲ ਦਾ ਪ੍ਰਧਾਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਰਕਰਾਂ ’ਤੇ ਜ਼ਬਰਦਸਤੀ ਕੋਈ ਫੈਸਲਾ ਨਹੀਂ ਥੋਪਣਗੇ ਸਗੋਂ ਸਾਰੇ ਫੈਸਲੇ ਵਰਕਰਾਂ ਦੀ ਸਲਾਹ ਨਾਲ ਕੀਤੇ ਜਾਣਗੇ। ਪਿਛਲੀ ਸਰਕਾਰ ਦੌਰਾਨ ਸੂਬੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਦੇ ’ਤੇ ਬੋਲਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾ ਕੇ ਜ਼ਿੰਮੇਵਾਰ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਕਾਂਗਰਸੀ ਆਗੂ ਅਸਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਬਾਰੇ ਸਮਾਂ ਆਉਣ ’ਤੇ ਵੱਡੇ ਖੁਲਾਸੇ ਕੀਤੇ ਜਾਣਗੇ।
ਸ੍ਰੀ ਢੀਂਡਸਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ਇਕ ਪਰਿਵਾਰ ਦੀ ਪ੍ਰਾਈਵੇਟ ਕੰਪਨੀ ਬਣ ਕੇ ਰਹਿ ਗਿਆ ਸੀ। ਜਿਸਦਾ ਮੁੱਖ ਉਦੇਸ਼ ਨਿੱਜੀ ਲਾਹੇ ਲੈਣ ਤੋਂ ਬਿਨਾਂ ਕੁਝ ਨਹੀਂ ਸੀ ਰਹਿ ਗਿਆ। ਪਿਛਲੇ ਦਿਨਾਂ ਵਿੱਚ ਪਾਰਟੀ ਦੇ ਸਿਧਾਂਤਾਂ ਨੂੰ ਲੈ ਕੇ ਹੋਈ ਉਥਲ ਪੁਥਲ ਤੋਂ ਬਾਅਦ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਆਪਣਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਵਰਕਰਾਂ ਨੂੰ ਲੈ ਕੇ ਚੱਲਣਗੇ ਅਤੇ ਅਣਦੇਖੀ ਦਾ ਸ਼ਿਕਾਰ ਹੋ ਕੇ ਆਪਣੇ ਘਰਾਂ ਵਿੱਚ ਬੈਠੇ ਆਗੂਆਂ ਨੂੰ ਵੀ ਮਨਾਉਣ ਲਈ ਘਰੋਂ ਘਰੀ ਜਾਣਗੇ।
ਇਸ ਮੌਕੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਵਿਰਕ ਅਤੇ ਅਮਨਦੀਪ ਸਿੰਘ ਆਬਿਆਨਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕੈਪਟਨ ਸਿੱਧੂ ਨੇ ਢੀਂਡਸਾ ਨੂੰ ਭਰੋਸਾ ਦਿੱਤਾ ਕਿ ਮੁਹਾਲੀ ਹਲਕਾ ਉਨ੍ਹਾਂ ਲਈ ਇੱਕ ਪਰਿਵਾਰ ਦੀ ਤਰ੍ਹਾਂ ਹੈ ਪਰ ਕੋਵਿਡ-19 ਮਹਾਮਾਰੀ ਕਰਕੇ ਵੱਡੇ ਇਕੱਠ ਤੋਂ ਵਰਜਦਿਆਂ, ਜ਼ਰੂਰੀ ਸਾਵਧਾਨੀਆਂ ਰੱਖਦੇ ਹੋਏ ਸਿਰਫ਼ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਪੰਥ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਪ੍ਰੋਗਰਾਮ ਉਲੀਕੇ ਜਾਣਗੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਰਜੁਨ ਸਿੰਘ ਸ਼ੇਰਗਿੱਲ, ਜਥੇਦਾਰ ਸੁਰਿੰਦਰ ਸਿੰਘ ਕਲੇਰ, ਮੀਤ ਪ੍ਰਧਾਨ ਜਥੇਦਾਰ ਕਰਮ ਸਿੰਘ, ਸਰਕਲ ਸ਼ਹਿਰੀ ਪ੍ਰਧਾਨ ਡਾ. ਮੇਜਰ ਸਿੰਘ, ਸਰਕਲ ਪ੍ਰਧਾਨ ਸੰਤੋਖ ਸਿੰਘ, ਸਰਕਲ ਦਿਹਾਤੀ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਆਗੂ ਜਸਵਿੰਦਰ ਸਿੰਘ ਵਿਰਕ, ਗਗਨਦੀਪ ਸਿੰਘ ਬੈਂਸ, ਗੁਰਮੇਲ ਸਿੰਘ ਮੋਜੇਵਾਲ, ਪੰਡਿਤ ਬਾਲਕ੍ਰਿਸ਼ਨ ਸਾਬਕਾ ਸਰਪੰਚ, ਨੰਬਰਦਾਰ ਨਛੱਤਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਰਮਣੀਕ ਸਿੰਘ, ਬਚਿੱਤਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ ਬਾਕਰਪੁਰ, ਸੁਖਵਿੰਦਰ ਸਿੰਘ, ਬਚਿੱਤਰ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਬਾਕਰਪੁਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।