ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਾਲਿਆਂ ਨੂੰ ਭਾਜਪਾ ’ਤੇ ਦੋਸ਼ ਲਗਾਉਣ ਦਾ ਕੋਈ ਅਧਿਕਾਰ ਨਹੀਂ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ, ਮੁਹਾਲੀ, 14 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਭਾਜਪਾ ’ਤੇ ਕਥਿਤ ਦੋਸ਼ ਲਗਾਉਣ ਦਾ ਬੁਰਾ ਮਨਾਉਂਦੇ ਹੋਏ ਭਾਜਪਾ ਦੀ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਦੇ ਸਰੋਤਾਂ ਨੂੰ ਰੱਜ ਕੇ ਲੁੱਟਣ, ਰੇਤਾ ਬਜਰੀ ਦੀ ਕਾਲਾ-ਬਾਜ਼ਾਰੀ ਸਮੇਤ ਨਸ਼ਾ ਤਸਕਰਾਂ ਦੀ ਪੁਸਤਪਨਾਹੀ ਕਰਨ ਵਾਲਿਆਂ ਭਾਜਪਾ ਨੂੰ ਨਿੰਦਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਆਗੂ ਅਦਾਲਤਾਂ ਵਿੱਚ ਪੇਸ਼ੀਆਂ ਭੁਗਤ ਰਹੇ ਹਨ ਅਤੇ ਸਿੱਟਾਂ ਦਾ ਸਾਹਮਣਾ ਕਰ ਰਹੇ ਹਨ ਲੇਕਿਨ ਅੱਜ ਉਹ ਆਪਣੇ ਸ਼ਾਸਨ ਦਾ ਸਮਾਂ ਭੁੱਲ ਗਏ ਹਨ, ਉਸ ਸਮੇਂ ਜਦੋਂ ਕੋਈ ਬੋਲਦਾ ਸੀ ਤਾਂ ਉਸ ਨੂੰ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਸੀ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਜਦੋਂ ਅਕਾਲੀ ਦਲ 10 ਸਾਲ ਸੱਤਾ ਸੀ, ਉਦੋਂ ਤੁਸੀਂ ਚੰਡੀਗੜ੍ਹ ਪੰਜਾਬ ਲਈ ਕਿਉਂ ਨਹੀਂ ਮੰਗਿਆ? ਪੰਜਾਬ ਸਰਕਾਰ ਦੇ ਜ਼ਿਆਦਾਤਰ ਮੁੱਖ ਦਫ਼ਤਰ ਮੁਹਾਲੀ ਵਿੱਚ ਸ਼ਿਫ਼ਟ ਕੀਤੇ ਅਤੇ ਮੁੱਲਾਂਪੁਰ ਗਰੀਬਦਾਸ ਨੇੜੇ ਨਿਊ ਚੰਡੀਗੜ੍ਹ ਵਸਾ ਕੇ ਚੰਡੀਗੜ੍ਹ ’ਤੇ ਪਹਿਲਾਂ ਹੀ ਆਪਣਾ ਹੱਕ ਛੱਡ ਦਿੱਤਾ ਸੀ। ਪਾਣੀਆਂ ਦੇ ਮਸਲੇ ਹੋਣ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ, ਜਦੋਂ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਸੀ ਤਾਂ ਉਦੋਂ ਕਿਸ ਪਲੇਟਫ਼ਾਰਮ ’ਤੇ ਬੰਦੀ ਸਿੰਘਾਂ ਦਾ ਮਸਲਾ ਚੁੱਕਿਆ ਸੀ, ਕੀ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਕੁੱਝ ਦੱਸ ਸਕਦੇ ਹੋ?
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਸਿੱਖ ਹਿੱਤਾਂ ਅਤੇ ਹੱਕਾਂ ਦੀ ਗੱਲ ਕੀਤੀ ਹੈ। ਜਿਸ ਵਿੱਚ ਕਰਤਾਰਪੁਰ ਦਾ ਲਾਂਘਾ ਜੋ ਸਦੀਆਂ ਤੋਂ ਸਾਡੀ ਮੰਗ ਸੀ, ਪੰਜਾਬ ਅਤੇ ਸਿੱਖਾਂ ਦੀ ਇਹ ਮੰਗ ਪੂਰੀ ਕੀਤੀ, ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਦਿਹਾੜੇ ਉੱਤੇ ਜਿੱਥੇ ਸਿੱਕਾ ਚਲਾਇਆ, ਉੱਥੇ ਹੀ ਇੱਕ ਵੱਡਾ ਹਾਈਵੇਅ ਜੋ ਗੁਜਰਾਤ ਤੋਂ ਸੁਲਤਾਨਪੁਰ ਲੋਧੀ ਨੂੰ ਜੋੜਦਾ ਪੂਰਾ ਕਰਾਇਆ ਹੈ।

Load More Related Articles

Check Also

ਸ਼੍ਰੋਮਣੀ ਅਕਾਲੀ ਦਲ ਦੇ ਉਭਾਰ ਵਿੱਚ ਦਲਿਤ ਸਮਾਜ ਦੀ ਭੂਮਿਕਾ ਅਹਿਮ: ਪਰਵਿੰਦਰ ਸੋਹਾਣਾ

ਸ਼੍ਰੋਮਣੀ ਅਕਾਲੀ ਦਲ ਦੇ ਉਭਾਰ ਵਿੱਚ ਦਲਿਤ ਸਮਾਜ ਦੀ ਭੂਮਿਕਾ ਅਹਿਮ: ਪਰਵਿੰਦਰ ਸੋਹਾਣਾ ਪਾਰਟੀ ਦਫ਼ਤਰ ਵਿੱਚ ਹੋਈ…