
ਏਅਰ ਫੋਰਸ ਸਟੇਸ਼ਨ ਤੋਂ ਹਜ਼ਾਰ ਮੀਟਰ ਏਰੀਆ ਵਿੱਚ ਮੀਟ ਦੀਆਂ ਦੁਕਾਨਾਂ ਚਲਾਉਣ ’ਤੇ ਪਾਬੰਦੀ
ਪਿੰਡ ਜਗਤਪੁਰਾ ਅਤੇ ਸੜਕ ਕਿਨਾਰੇ ਸ਼ਰ੍ਹੇਆਮ ਚਲ ਰਹੀਆਂ ਨੇ ਮੀਟ ਤੇ ਮੱਛੀ ਵੇਚਣ ਦੀਆਂ ਦੁਕਾਨਾਂ
ਜ਼ਿਲ੍ਹਾ ਪ੍ਰਸ਼ਾਸਨ ਨੇ ਹਵਾਈ ਹਾਦਸਾ ਰੋਕਣ ਲਈ ਏਅਰਫੋਰਸ ਸਟੇਸ਼ਨ ਅਥਾਰਟੀ ਦੀ ਅਪੀਲ ’ਤੇ ਚੁੱਕਿਆ ਕਦਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਏਅਰ ਫੋਰਸ ਸਟੇਸ਼ਨ ਤੋਂ ਇੱਕ ਹਜ਼ਾਰ ਮੀਟਰ ਏਰੀਆ (ਜੋ ਕਿ ਮੁਹਾਲੀ ਜ਼ਿਲ੍ਹੇ ਦੀ ਹੱਦ ਅੰਦਰ ਆਉਂਦਾ ਹੈ) ਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ ਅਤੇ ਰਹਿੰਦ ਨੂੰ ਸੁੱਟਣ ’ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਏਅਰ ਫੋਰਸ ਸਟੇਸ਼ਨ ਅਥਾਰਟੀ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਏਅਰਫੋਰਸ ਸਟੇਸ਼ਨ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਖਾਣ-ਪੀਣ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਵਸਤਾਂ ਦੀ ਰਹਿੰਦ ਵੀ ਖੱੁਲੇ੍ਹ ਵਿੱਚ ਹੀ ਸੁੱਟ ਦਿੱਤੀ ਜਾਂਦੀ ਹੈ। ਜਿਸ ਕਰਕੇ ਏਅਰ ਫੋਰਸ ਦੇ ਏਰੀਆ ਵਿੱਚ ਮਾਸਾਹਾਰੀ ਪੰਛੀ ਉੱਡਦੇ ਰਹਿੰਦੇ ਹਨ। ਸੂਚਨਾ ਅਨੁਸਾਰ ਅਸਮਾਨ ਵਿੱਚ ਪੰਛੀਆਂ ਦੇ ਉਡਣ ਨਾਲ ਕਿਸੇ ਵੀ ਹਵਾਈ ਜਹਾਜ਼ ਨਾਲ ਟਕਰਾਉਣ ਨਾਲ ਵੱਡਾ ਹਵਾਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰੇ ਦਾ ਕਾਰਨ ਬਣਦਾ ਹੈ। ਇਹੀ ਨਹੀਂ ਫੌਜ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੀ ਵਿਘਨ ਪੈਦਾ ਹੋ ਸਕਦਾ ਹੈ।
ਜ਼ਿਲ੍ਹਾ ਮੈਜਿਸਟਰੇਟ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਉਕਤ ਸੂਚਨਾ ਅਨੁਸਾਰ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਹਵਾਈ ਜਹਾਜ਼ਾਂ ਨਾਲ ਕੋਈ ਹਾਦਸਾ ਨਾ ਵਾਪਰੇ, ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ ਅਤੇ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਹਿੱਤ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ 21 ਨਵੰਬਰ 2020 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਹੱਦ ਅੰਦਰ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।
ਇੱਥੇ ਜ਼ਿਕਰਯੋਗ ਹੈ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੀ ਕੰਧ ਅਤੇ ਰਣਵੇਅ ਦੇ ਗੇਟ ਦੇ ਸਾਹਮਣੇ ਪਿੰਡ ਜਗਤਪੁਰਾ ਦੀ ਲਾਲ ਲਕੀਰ ਦੇ ਬਾਹਰ ਅਤੇ ਅੰਦਰ ਵੱਡੀ ਗਿਣਤੀ ਵਿੱਚ ਮੀਟ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕੁੱਝ ਸ਼ਾਮ ਢੱਲਦੇ ਹੀ ਮੱਛੀ ਵੇਚਣ ਦਾ ਕੰਮ ਕਰਦੇ ਹਨ। ਨਾਲ ਹੀ ਕੁਝ ਰੇਹੜੀਆਂ ਵਾਲੇ ਵੀ ਸੜਕ ਕਿਨਾਰੇ ਖੜੇ ਹੋ ਕੇ ਅੰਡੇ ਅਤੇ ਸ਼ੂਪ ਬਗੈਰਾ ਵੇਚਣ ਦਾ ਕੰਮ ਕਰਦੇ ਹਨ। ਜਿਸ ਕਾਰਨ ਅਕਸਰ ਪੰਛੀ ਅਸਮਾਨ ਵਿੱਚ ਉੱਡਦੇ ਨਜ਼ਰ ਆਉਂਦੇ ਹਨ। ਕਾਫੀ ਸਮਾਂ ਪਹਿਲਾਂ ਜਹਾਜ਼ ਨਾਲ ਪੰਛੀਆਂ ਦੇ ਟਕਰਾਉਣ ਨਾਲ ਹਵਾਈ ਹਾਦਸੇ ਵਾਪਰ ਚੁੱਕੇ ਹਨ।