nabaz-e-punjab.com

ਉਦਯੋਗਿਕ ਕਾਮਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 14 ਕਰੋੜ 76 ਲੱਖ 6 ਹਜ਼ਾਰ ਰੁਪਏ ਦਾ ਲਾਭ ਦਿੱਤਾ: ਸਿੱਧੂ

ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੀਆਂ ਅੌਰਤਾਂ ਨੂੰ ਬੱਚੇ ਦੇ ਜਨਮ ’ਤੇ ਦਿੱਤੀ ਜਾਵੇਗੀ 21 ਹਜ਼ਾਰ ਰੁਪਏ ਦੀ ਸਹਾਇਤਾ
ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਮੀਟਿੰਗ ਵਿੱਚ ਮੰਤਰੀ ਸਿੱਧੂ ਵੱਲੋਂ ਅਧਿਕਾਰੀਆਂ ਨੂੰ ਆਡਿਟ ਰਿਪੋਰਟਾਂ ਮੁਕੰਮਲ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਵੱਖ ਵੱਖ ਸਕੀਮਾਂ ਤਹਿਤ 4931 ਉਦਯੋਗਿਕ ਕਾਮਿਆਂ ਨੂੰ 14 ਕਰੋੜ 76 ਲੱਖ 06 ਹਜ਼ਾਰ ਰੁਪਏ ਦਾ ਲਾਭ ਦਿੱਤਾ ਗਿਆ ਹੈ ਅਤੇ ਉਦਯੋਗਿਕ ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ (ਵੱਧ ਤੋਂ ਵੱਧ ਦੋ ਬੱਚਿਆਂ ਦੇ ਜਨਮ ਤੱਕ) ਬੋਰਡ ਵੱਲੋਂ 21 ਹਜ਼ਾਰ ਰੁਪਏ ਦੀ ਰਕਮ ਵਿੱਤੀ ਸਹਾਇਤਾ ਵੱਜੋਂ ਦਿੱਤੀ ਜਾਇਆ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਕਿਰਤ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਨੇ ਲਾਈਵ ਸਟਾਕ ਕੰਪਲੈਕਸ, ਸੈਕਟਰ-68 ਵਿੱਚ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਬੋਰਡ ਦੀਆਂ ਸਾਰੀਆਂ ਆਡਿਟ ਰਿਪੋਰਟਾਂ ਅਗਲੇ ਸਾਲ 31 ਮਾਰਚ ਤੱਕ ਮੁਕੰਮਲ ਹੋ ਜਾਣੀਆਂ ਚਾਹੀਦੀਆਂ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਬੋਰਡ ਵੱਲੋਂ ਉਦਯੋਗਿਕ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਹੁਣ ਇਨ੍ਹਾਂ 31 ਹਜ਼ਾਰ ਰੁਪਇਆਂ ਵਿੱਚੋਂ 20 ਹਜਾਰ ਰੁਪਏ ਵਿਆਹ ਤੋਂ ਤਿੰਨ ਮਹੀਨੇ ਪਹਿਲਾਂ ਅਤੇ 11 ਹਜ਼ਾਰ ਰੁਪਏ ਵਿਆਹ ਤੋਂ ਬਾਅਦ ਦਿੱਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ 01 ਅਪ੍ਰੈਲ 2017 ਤੋਂ 31 ਮਾਰਚ 2018 ਤੱਕ ਉਦਯੋਗਿਕ ਕਿਰਤੀਆਂ ਨੂੰ ਸ਼ਗਨ ਸਕੀਮ, ਐਕਸਗ੍ਰੇਸ਼ੀਆ ਸਕੀਮ, ਐਲ.ਟੀ.ਸੀ, ਜਨਰਲ ਸਰਜਰੀ, ਸਸਕਾਰ, ਵਿਆਹ, ਟੈਲੀਵਿਜ਼ਨ, ਫਰਿਜ਼ ਆਦਿ ਲਈ ਲੋਨ ਦੇਣ ਵਰਗੀਆਂ ਸਕੀਮਾਂ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਕਾਮਿਆਂ ਦੇ ਬੱਚਿਆਂ ਨੂੰ 6ਵੀਂ ਤੋਂ ਹਾਇਰ ਕਸਾਲਾਂ ਦੀ ਪੜ੍ਹਾਈ ਲਈ ਸਾਲਾਨਾ ਵਜ਼ੀਫਾ ਦਿੱਤਾ ਜਾਂਦਾ ਹੈ ਤੇ ਹੁਣ ਪਹਿਲੀ ਜ਼ਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਵੀ ਸਲਾਨਾ ਵਜ਼ੀਫ਼ੇ ਦਾ ਲਾਭ ਦਿੱਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਅੱਜ ਕਲ੍ਹ ਦੀ ਵਧਦੀ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਕਿਰਤੀਆਂ ਨੂੰ ਮਾਨਸਿਕ ਰੋਗ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਕਾਫੀ ਖਰਚਾ ਕਰਨਾ ਪੈਂਦਾ ਹੈ। ਇਸ ਲਈ ਉਦਯੋਗਿਕ ਕਿਰਤੀਆਂ ਨੂੰ ਬੋਰਡ ਵੱਲੋਂ ਹਰੇਕ ਅਜਿਹੇ ਬੱਚੇ ਦੀ ਦੇਖ ਭਾਲ ਵਾਸਤੇ 20 ਹਜ਼ਾਰ ਰੁਪਏ ਦੀ ਰਕਮ ਵਿੱਤੀ ਸਹਾਇਤਾ ਵੱਜੋਂ ਦਿੱਤੀ ਜਾਇਆ ਕਰੇਗੀ। ਮੀਟਿੰਗ ਉਪਰੰਤ ਸ੍ਰੀ ਸਿੱਧੂ ਨੇ ਕਿਹਾ ਕਿ ਉਦਯੋਗਿਕ ਕਿਰਤੀਆਂ ਦੀ ਦੁਰਘਟਨਾ ਵਿੱਚ ਮੌਤ ਹੋਣ ’ਤੇ ਜਾਂ ਪੂਰਨ ਅਪੰਗ ਹੋਣ ਦੀ ਸੂਰਤ ਵਿੱਚ 2 ਲੱਖ ਰੁਪਏ, ਕੁਦਰਤੀ ਮੌਤ ’ਤੇ 1.50 ਲੱਖ ਰੁਪਏ ਅਤੇ ਆਂਸ਼ਿਕ ਅਪੰਗਤਾ ਲਈ ਹਰ 1 ਫੀਸਦ ਅਪੰਗਤਾ ਲਈ 2 ਹਜ਼ਾਰ ਰੁਪਏ ਐਕਸਗ੍ਰੇਸ਼ੀਆ ਸਕੀਮ ਤਹਿਤ ਦਿੱਤੇ ਜਾਂਦੇ ਹਨ। ਉਦਯੋਗਿਕ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਜਨਰਲ ਸਰਜਰੀ ਲਈ 20 ਹਜ਼ਾਰ ਰੁਪਏ ਅਤੇ ਖਤਰਨਾਕ ਬਿਮਾਰੀਆਂ ਜਿਵੇਂ ਕਿ ਕੈਂਸਰ, ਗੁਰਦੇ ਬਦਲਣ, ਦਿਲ ਦੀ ਸਰਜਰੀ ਆਦਿ ਦੇ ਇਲਾਜ ਲਈ 1 ਲੱਖ ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਦਯੋਗਿਕ ਕਿਰਤੀਆਂ ਨੂੰ ਹਰ ਦੋ ਸਾਲ ਬਾਅਦ ਛੁੱਟੀ ਦੌਰਾਨ ਯਾਤਰਾ ਲਈ 2 ਹਜ਼ਾਰ ਰੁਪਏ ਦੇ ਰੂਪ ਵਿੱਚ ਐਲਟੀਸੀ ਦੀ ਸਹੂਲਤ ਦਿੱਤੀ ਜਾਂਦੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਬੋਰਡ ਵੱਲੋਂ ਉਦਯੋਗਿਕ ਕਿਰਤੀਆਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸਕੀਮਾਂ ਦੇ ਲਾਭ ਵਿਚ ਵਾਧਾ ਕਰਨ ਦੇ ਨਾਲ-ਨਾਲ ਹੋਰ ਭਲਾਈ ਸਕੀਮਾ ਵੀ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਉਦਯੋਗਿਕ ਕਿਰਤੀਆਂ ਦਾ ਵਿਸ਼ੇਸ ਯੋਗਦਾਨ ਹੈ ਅਤੇ ਉਨ੍ਹਾਂ ਦੀਆਂ ਮੁਸ਼ਿਕਲਾਂ ਦੇ ਹੱਲ ਲਈ ਸਰਕਾਰ ਲਗਾਤਾਰ ਕੰਮ ਰਹੀ ਹੈ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਸੰਜੇ ਕੁਮਾਰ, ਕਿਰਤ ਕਮਿਸ਼ਨਰ ਤੇਜਿੰਦਰ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਡਿਪਟੀ ਸਕੱਤਰ ਐਸ.ਐਸ. ਬਾਂਡੀ, ਬੋਰਡ ਦੇ ਮੈਂਬਰ ਤੇਜਿੰਦਰ ਸਿੰਘ ਮਹਿੰਦਰਾ, ਬ੍ਰਿਜ ਲਾਲ, ਸਰਬਜੀਤ ਸਿੰਘ, ਸੁਖਦੇਵ ਸਿੰਘ, ਮਦਨ ਲਾਲ ਥਾਪਰ, ਸੁਸ਼ੀਲ ਕੁਮਾਰ ਸ਼ਰਮਾ ਸਮੇਤ ਕਿਰਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੇ-ਪੈਰਿਟੀ ਦੇ ਮੁੱਦੇ ’ਤੇ ਕੀ…