nabaz-e-punjab.com

ਸੈਕਟਰ-94 ਵਿੱਚ ਲੁਟੇਰਿਆਂ ਦੀ ਦਹਿਸ਼ਤ, ਟਰੱਕ ਚਾਲਕ ਤੇ ਮਜ਼ਦੂਰਾਂ ਤੋਂ ਹਜ਼ਾਰਾਂ ਦੀ ਨਗਦੀ, ਮੋਬਾਈਲ ਖੋਹੇ

ਸਭ ਤੋਂ ਪਹਿਲਾਂ ਲੁਟੇਰਿਆਂ ਨੇ ਕਲੋਨੀ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ, ਨਗਦੀ ਖੋਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਇੱਥੋਂ ਦੇ ਸੈਕਟਰ-94 ਵਿੱਚ ਵੀਰਵਾਰ ਦੇਰ ਰਾਤ ਲੁਟੇਰਿਆਂ ਵੱਲੋਂ ਇੱਕ ਟਰੱਕ ਚਾਲਕ ਅਤੇ ਮਜ਼ਦੂਰਾਂ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਕਈ ਮੋਬਾਈਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ਦੇ ਐਸਐਚਓ ਤਰਲੋਚਨ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲੀਸ ਨੇ ਪੀੜਤ ਵਿਅਕਤੀਆਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਸੈਕਟਰ-94 ਵਿੱਚ 8-10 ਲੁਟੇਰੇ ਕਲੋਨੀ ਵਿੱਚ ਪਹੁੰਚ ਗਏ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਲੋਨੀ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ਉਸਦੀ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ’ਚੋਂ ਨਗਦੀ ਕੱਢ ਲਈ। ਇਸ ਉਪਰੰਤ ਲੁਟੇਰੇ ਇਸ ਇਲਾਕੇ ਵਿੱਚ ਬਣ ਰਹੀਆਂ ਨਵੀਆਂ ਕੋਠੀਆਂ ਵੱਲ ਚਲੇ ਗਏ। ਜਿੱਥੇ ਲੁਟੇਰਿਆਂ ਨੇ ਉਸਾਰੀ ਅਧੀਨ ਕੋਠੀਆਂ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਤੋਂ ਨਗਦੀ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ। ਇਸ ਦੌਰਾਨ ਜਦੋ ਲੁਟੇਰੇ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਆ ਰਹੇ ਇੱਕ ਰੇਤਾ ਬਜਰੀ ਦੇ ਟਰੱਕ ਚਾਲਕ ਨੇ ਲੁਟੇਰਿਆਂ ਤੋਂ ਕਿਸੇ ਦਾ ਪਤਾ ਪੁੱਛਿਆ ਤਾਂ ਲੁਟੇਰਿਆਂ ਨੇ ਚਾਲਕ ਨੂੰ ਟਰੱਕ ਤੋਂ ਥੱਲੇ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਟਰੱਕ ਚਾਲਕ ਕੋਲੋਂ 60 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਜਿਨ੍ਹਾਂ ’ਚ 50 ਹਜ਼ਾਰ ਟਰੱਕ ਮਾਲਕ ਅਤੇ 10 ਹਜ਼ਾਰ ਰੁਪਏ ਉਸ ਦੇ ਆਪਣੇ ਸਨ।
ਸੁਰੱਖਿਆ ਗਾਰਡ ਨੇ ਕਿਸੇ ਤਰੀਕੇ ਨਾਲ ਸਥਾਨਕ ਵਸਨੀਕ ਦਲਜੀਤ ਸਿੰਘ ਪਟਵਾਰੀ ਨੂੰ ਫੋਨ ’ਤੇ ਲੁੱਟ-ਖੋਹ ਦੀ ਵਾਰਦਾਤ ਬਾਰੇ ਇਤਲਾਹ ਦਿੱਤੀ ਗਈ। ਪਟਵਾਰੀ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸੁਰੱਖਿਆ ਗਾਰਡ ਨੂੰ ਖੋਲ੍ਹਿਆ। ਇਸ ਮਗਰੋਂ ਉਸ ਨੇ 100 ਨੰਬਰ ’ਤੇ ਫੋਨ ਕਰਕੇ ਮੁਹਾਲੀ ਪੁਲੀਸ ਦੇ ਕੰਟਰੋਲ ਰੂਮ ਵਿੱਚ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਫੋਨ ਨਹੀਂ ਮਿਲਿਆ। ਬਾਅਦ ਵਿੱਚ ਕੁਝ ਲੋਕਾਂ ਨੇ ਲਾਂਡਰਾਂ ਚੌਂਕ ਵਿੱਚ ਖੜੀ ਪੀਸੀਆਰ ਪਾਰਟੀ ਨਾਲ ਤਾਲਮੇਲ ਕਰਕੇ ਸਾਰੀ ਗੱਲ ਦੱਸੀ ਪਰ ਪੀਸੀਆਰ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੋਹਾਣਾ ਥਾਣੇ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਇਸ ਤਰ੍ਹਾਂ ਬਾਅਦ ਵਿੱਚ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਪੀੜਤਾਂ ਤੋਂ ਵਾਰਦਾਤ ਬਾਰੇ ਜਾਣਕਾਰੀ ਹਾਸਲ ਕੀਤੀ। ਲੇਕਿਨ ਉਦੋਂ ਤੱਕ ਲੁਟੇਰੇ ਇਲਾਕੇ ’ਚੋਂ ਫਰਾਰ ਹੋ ਚੁੱਕੇ ਸੀ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਟੀਡੀਆਈ ਸਿਟੀ (ਥਾਣਾ ਬਲੌਂਗੀ) ਵਿੱਚ ਵੀ ਅਣਪਛਾਤੇ ਲੁਟੇਰਿਆਂ ਵੱਲੋਂ ਇਸੇ ਤਰ੍ਹਾਂ ਦੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਵਿੱਚ ਲੁਟੇਰਿਆਂ ਨੇ ਉਸਾਰੀ ਅਧੀਨ ਮਕਾਨਾਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੀਆਂ ਅੌਰਤਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਨਗਦੀ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ ਸੀ। ਬੀਤੀ ਰਾਤ ਸੈਕਟਰ-94 ਵਿੱਚ ਉਸ ਤਰੀਕੇ ਲੁਟੇਰਿਆਂ ਵੱਲੋਂ ਉਸਾਰੀ ਅਧੀਨ ਮਕਾਨਾਂ ਵਿੱਚ ਰਹਿੰਦੇ ਮਜ਼ਦੂਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…