ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ਼ ਦੀ ਤਨਖ਼ਾਹ ਤੇ ਬਕਾਏ ਰੁਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਪੰਜਾਬ ਵਿੱਚ ਹਜ਼ਾਰਾਂ ਅਧਿਆਪਕਾਂ ਅਤੇ ਨਾਨ-ਟੀਚਿੰਗ ਅਮਲੇ ਦੀਆਂ ਜਨਵਰੀ-2022 ਮਹੀਨੇ ਦੀਆਂ ਤਨਖ਼ਾਹਾਂ ਅਤੇ ਤਨਖ਼ਾਹ-ਕਮਿਸ਼ਨ ਦੇ ਬਕਾਏ ਰੁਕੇ ਹੋਏ ਹਨ। ਇਸ ਤੋਂ ਇਲਾਵਾ ਸਮੁੱਚੇ ਪੰਜਾਬ ਵਿੱਚ ਫਰਵਰੀ ਮਹੀਨੇ ਦੀ ਤਨਖਾਹ ਬਨਾਉਣ ਲਈ ਵੀ ਬਜ਼ਟ ਉਪਲੱਬਧ ਨਹੀਂ ਹੈ, ਜਿਸ ਕਾਰਨ ਨੇੜ ਭਵਿੱਖ ਵਿੱਚ ਵੀ ਤਨਖਾਹਾਂ ਮਿਲਣ ਦੇ ਅਸਾਰ ਮੱਧਮ ਹਨ। ਸਾਂਝਾ ਅਧਿਆਪਕ ਮੋਰਚੇ ਮੁਹਾਲੀ ਵੱਲੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਅਤੇ ਸੈਕੰਡਰੀ) ਰਾਹੀਂ ਪ੍ਰਮੁੱਖ ਸਕੱਤਰ ਅਤੇ ਸਿੱਖਿਆ ਮੰਤਰੀ ਦੇ ਨਾਂ ‘ਰੋਸ ਪੱਤਰ’ ਭੇਜਦੇ ਹੋਏ, ਤਨਖ਼ਾਹਾਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ, ਅਜਿਹਾ ਨਾ ਹੋਣ ਦੀ ਸੂਰਤ ਵਿੱਚ 4 ਮਾਰਚ ਨੂੰ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਹਰਜੀਤ ਬਸੋਤਾ, ਬਾਜ਼ ਸਿੰਘ ਖਹਿਰਾ, ਸੁਰਜੀਤ ਸਿੰਘ ਮੁਹਾਲੀ, ਐਨਡੀ ਤਿਵਾੜੀ, ਗੁਰਪਿਆਰ ਸਿੰਘ ਕੋਟਲੀ, ਰਵਿੰਦਰ ਸਿੰਘ ਪੱਪੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਤਨਖ਼ਾਹਾਂ ਤੇ ਪਿਛਲੇ ਤਨਖ਼ਾਹ ਬਕਾਏ ਦੀ ਅਦਾਇਗੀ ਲਈ ਸਮੇਂ ਸਿਰ ਬਜ਼ਟ ਨਾ ਉਪਲਬਧ ਹੋਣ ਕਾਰਨ ਕਰਮਚਾਰੀਆਂ ਨੂੰ ਗੰਭੀਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਸਿੱਖਿਆ ਵਿਭਾਗ ਵੱਲੋਂ ਕੁੱਝ ਅਧਿਆਪਕਾਂ ਦੇ ਤਨਖਾਹ ਏਰੀਅਰ ਕਢਵਾਉਣ ਨੂੰ ਇਸ ਸੰਕਟ ਲਈ ਜ਼ਿੰਮੇਵਾਰ ਕਹਿਣ ਦੀ ਸਖਤ ਨਿਖੇਧੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਲੰਗੜੇ ਤਨਖਾਹ ਕਮਿਸ਼ਨ ਦੇ ਵੀ ਪਿਛਲੇ ਸਾਢੇ ਪੰਜ ਸਾਲ ਦੇ ਬਕਾਏ ਅਤੇ ਮਹਿੰਗਾਈ ਭੱਤੇ ਦਾ ਏਰੀਅਰ ਦੱਬੇ ਹੋਏ ਹਨ। ਸਰਕਾਰ ਨੇ ਮਹਿਜ਼ ਚਾਰ ਮਹੀਨਿਆਂ ਦਾ ਬਕਾਇਆ ਹੀ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਲੋੜੀਂਦਾ ਬਜਟ ਨਾ ਹੋਣਾ ਵੀ ਵਿੱਤ ਵਿਭਾਗ ਦੀ ਘੋਰ ਨਾਲਾਇਕੀ ਹੈ। ਸਰਕਾਰੀ ਅਲਗਰਜ਼ੀ ਕਾਰਨ ਤਨਖਾਹ ਵਿਹੂਣੇ ਅਧਿਆਪਕ, ਬੈਂਕਾਂ ਤੋਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਸਮੇਤ ਹੋਰ ਪਰਿਵਾਰਕ ਖਰਚ ਕਰਨ, ਤੋਂ ਅਸਮਰਥ ਹੋ ਗਏ ਹਨ। ਦੂਜੇ ਪਾਸੇ ਵਿੱਤੀ ਵਰ੍ਹੇ ਦੇ ਅਖੀਰਲੇ ਮਹੀਨੇ ਹੋਣ ਕਾਰਨ, ਬਿਨਾਂ ਤਨਖ਼ਾਹ ਪ੍ਰਾਪਤ ਹੋਇਆਂ ਆਮਦਨ ਕਰ ਭਰਨ ਦੀ ਤਲਵਾਰਾਂ ਵੀ ਲਟਕ ਰਹੀਆਂ ਹਨ।

ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਸਕੂਲਾਂ ਦੇ ਅਧਿਆਪਕ ਮੁਲਾਜ਼ਮਾਂ ਦੇ ਨਾਲ ਨਾਲ ਸਿੱਖਿਆ ਵਿਭਾਗ ਦੇ ਸਮੂਹ ਦਫ਼ਤਰੀ ਅਮਲੇ ਦੀਆਂ ਵੀ ਜੋ ਪਿਛਲੇ ਸਮੇਂ ਦੀਆਂ ਰੁਕੀਆਂ ਤਨਖਾਹਾਂ, ਤਨਖਾਹ ਕਮੀਸ਼ਨ ਦੇ ਏਰੀਅਰ ਅਤੇ ਚਾਲੂ ਮਹੀਨੇ ਫਰਵਰੀ-2022 ਦੀਆਂ ਤਨਖਾਹਾਂ ਵੀ ਬਿਨਾ ਦੇਰੀ ਰੀਲੀਜ਼ ਕੀਤੀਆਂ ਜਾਣ। ਇਸ ਮੌਕੇ ਮਨਪ੍ਰੀਤ ਸਿੰਘ, ਧਰਮਿੰਦਰ ਠਾਕਰੇ, ਬਲਜੀਤ ਸਿੰਘ, ਕਮਲ ਕੁਮਾਰ ਤੇ ਦਫ਼ਤਰੀ ਅਮਲੇ ਜਸਵੀਰ ਬਲਜੀਤ ਸਿੰਘ, ਕਿਰਨ ਪਰਾਸ਼ਰ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …