Nabaz-e-punjab.com

ਫੇਸਬੁੱਕ ’ਤੇ ਧਮਕੀਆਂ ਦੇਣ ਦਾ ਮਾਮਲਾ: ਗਾਇਕ ਐਲੀ ਮਾਂਗਟ ਦਾ ਐਚਆਈਵੀ ਤੇ ਹੋਰ ਕਈ ਟੈਸਟ ਕੀਤੇ

ਰੰਮੀ ਰੰਧਾਵਾ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਝੂਠੇ, ਵਰੰਟ ਅਫ਼ਸਰ ਨੇ ਹਾਈ ਕੋਰਟ ਵਿੱਚ ਸੌਂਪੀ ਰਿਪੋਰਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਸੋਹਾਣਾ ਪੁਲੀਸ ਵੱਲੋਂ ਪੰਜਾਬੀ ਗੀਤ ਨੂੰ ਲੈ ਕੇ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਇਕ ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਅਤੇ ਹਰਦੀਪ ਸਿੰਘ ਵਾਲੀਆ ਦਾ ਅੱਜ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਅਤੇ ਸਰਕਾਰੀ ਹਸਪਤਾਲ ਦੇ ਲੈਬਾਰਟੀ ਇੰਚਾਰਜ ਡਾ. ਗੌਰਵ ਪਵਾਰ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕਿਸੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਕੁਝ ਜ਼ਰੂਰੀ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ। ਇਸ ਲਈ ਹਾਈ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਅੱਜ ਗਾਇਕ ਐਲੀ ਮਾਂਗਟ ਦਾ ਐਚਆਈਵੀ, ਟੀਬੀ ਟੈਸਟ ਸਮੇਤ ਖੂਨ ਦੇ ਸਾਰੇ ਟੈੱਸਟ ਕੀਤੇ ਗਏ ਹਨ। ਡਾ. ਗੌਰਵ ਨੇ ਦੱਸਿਆ ਕਿ ਟੀਬੀ ਦੀ ਬਿਮਾਰੀ ਦਾ ਪਤਾ ਲਗਾਉਣ ਲਈ ਗਾਇਕ ਦੀ ਛਾਤੀ ਦਾ ਐਕਸਰੇਅ ਕਰਵਾਇਆ ਗਿਆ ਹੈ ਅਤੇ ਖੂਨ ਦੇ ਸੈਂਪਲਾਂ ਦੀ ਜਾਂਚ ਦੀ ਰਿਪੋਰਟ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ ਅਤੇ ਐਚਆਈਵੀ ਜਾਂਚ ਦੀ ਰਿਪੋਰਟ ਭਲਕੇ 14 ਸਤੰਬਰ ਨੂੰ ਦਿੱਤੀ ਜਾਵੇਗੀ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਗਾਇਕ ਐਲੀ ਮਾਂਗਟ ਅਤੇ ਉਸ ਦਾ ਸਾਥੀ ਹਰਦੀਪ ਸਿੰਘ ਵਾਲੀਆ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਚਲ ਰਹੇ ਹਨ। ਭਲਕੇ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਉਨ੍ਹਾਂ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉਧਰ, ਦੂਜਾ ਗਾਇਕ ਰੰਮੀ ਰੰਧਾਵਾ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਹਾਲਾਂਕਿ ਸੋਹਾਣਾ ਪੁਲੀਸ ਨੇ ਗ੍ਰਿਫ਼ਤਾਰੀ ਤੋਂ ਰੰਮੀ ਰੰਧਾਵਾ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ ਲੇਕਿਨ ਹੁਣ ਪੁਲੀਸ ਉਨ੍ਹਾਂ ਨੂੰ ਦੁਬਾਰਾ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦ ਰਹੀ ਹੈ। ਪੁਲੀਸ ਟੀਮ ਨੇ ਵੀ ਪੁਰਬ ਅਪਾਰਟਮੈਂਟ ਵਿੱਚ ਵਿਜ਼ਟ ਕੀਤਾ ਸੀ ਲੇਕਿਨ ਰੰਮੀ ਰੰਧਾਵਾ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ।
ਉਧਰ, ਹਾਈ ਕੋਰਟ ਨੇ ਵਰੰਟ ਅਫ਼ਸਰ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਰੰਮੀ ਰੰਧਾਵਾ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰੰਮੀ ਰੰਧਾਵਾ ਦੇ ਭਰਾ ਪ੍ਰਿੰਸ ਰੰਧਾਵਾ ਨੇ ਵੀਰਵਾਰ ਨੂੰ ਹਾਈ ਕੋਰਟ ਵਿੱਚ ਆਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕਰਕੇ ਸੋਹਾਣਾ ਪੁਲੀਸ ’ਤੇ ਉਸ ਦੇ ਭਰਾ ਗਾਇਕ ਰੰਮੀ ਰੰਧਾਵਾ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਆਪਣੀ ਦਲੀਲ ਵਿੱਚ ਕਿਹਾ ਸੀ ਕਿ ਸੋਹਾਣਾ ਥਾਣੇ ਵਿੱਚ ਦਰਜ ਕੇਸ ਦੀਆਂ ਧਰਾਵਾਂ ਜ਼ਮਾਨਤਯੋਗ ਹਨ ਪ੍ਰੰਤੂ ਪੁਲੀਸ ਨੇ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰਕੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਉੱਚ ਅਦਾਲਤ ਨੇ ਵਰੰਟ ਅਫ਼ਸਰ ਨਿਯੁਕਤ ਕਰਕੇ ਜਾਂਚ ਕਰਨ ਲਈ ਆਖਿਆ ਸੀ। ਵਰੰਟ ਅਫ਼ਸਰ ਨੂੰ ਪੁਲੀਸ ਨੇ ਦੱਸਿਆ ਕਿ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰਕੇ ਨਹੀਂ ਰੱਖਿਆ ਗਿਆ ਸੀ ਸਗੋਂ ਮੁੱਢਲੀ ਕਾਰਵਾਈ ਤੋਂ ਬਾਅਦ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਇਸ ਸਬੰਧੀ ਬਕਾਇਦਾ ਗਾਇਕ ਨੇ ਦੋ ਲੱਖ ਦਾ ਮੁਚੱਲਕਾ ਵੀ ਭਰਿਆ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …