ਝਪਟਮਾਰੀ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਕਾਬੂ, 15 ਮੋਬਾਈਲ ਬਰਾਮਦ

ਗੁਬਾਰੇ ਵੇਚਣ ਵਾਲਾ ਚੋਰੀ ਦੇ ਮੋਬਾਈਲਾਂ ਦਾ ਖ਼ਰੀਦਦਾਰ, ਰਾਜਸਥਾਨ ਵਿੱਚ ਵੇਚਦਾ ਸੀ ਚੋਰੀ ਦਾ ਮਾਲ

ਨਬਜ਼-ਏ-ਪੰਜਾਬ, ਮੁਹਾਲੀ, 30 ਨਵੰਬਰ:
ਮੁਹਾਲੀ ਪੁਲੀਸ ਨੇ ਝਪਟਮਾਰੀ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਨ ਖਾਨ ਅਤੇ ਸ਼ਵਨ ਖਾਨ ਦੋਵੇਂ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ। ਅੱਜ ਇੱਥੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਸਪੀ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲੀਸ ਵੱਲੋਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਫੋਰਟਿਸ ਹਸਪਤਾਲ ਟੀ-ਪੁਆਇੰਟ ਨੇੜੇ ਨਾਕਾਬੰਦੀ ਦੌਰਾਨ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰੁਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅਮਨ ਖਾਨ ਨੂੰ ਰਾਹਗੀਰ ਕੋਲੋਂ ਖੋਹੇ ਮੋਬਾਈਲ ਫੋਨ ਸਮੇਤ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਅਮਨ ਖਾਨ ਨੇ ਬੀਤੀ 27 ਨਵੰਬਰ ਨੂੰ ਆਰੀਅਨ ਸ਼ਰਮਾ ਕੋਲੋਂ ਮੋਬਾਈਲ ਖੋਹਿਆ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਉਸ ਦੇ ਦੂਜੇ ਸਾਥੀ ਸ਼ਵਨ ਖਾਨ ਨੂੰ ਵੀ ਵੀ ਗ੍ਰਿਫ਼ਤਾਰ ਕਰ ਲਿਆ।

ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 2 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੱਸਿਆ ਕਿ ਉਹ ਮੋਬਾਈਲ ਖੋਹਣ ਤੋਂ ਬਾਅਦ ਸੈਕਟਰ-68\69 ਦੀਆਂ ਟਰੈਫ਼ਿਕ ਲਾਈਟਾਂ ’ਤੇ ਗੁਬਾਰੇ ਵੇਚਣ ਵਾਲੇ ਦੇਵੀ ਲਾਲ ਨੂੰ ਵੇਚ ਦਿੰਦੇ ਸਨ ਅਤੇ ਮੁਲਜ਼ਮ ਦੇਵੀ ਲਾਲ ਅੱਗੇ ਚੋਰੀ ਦੇ ਮੋਬਾਈਲਾਂ ਨੂੰ ਰਾਜਸਥਾਨ ਵਿੱਚ ਵੇਚਦਾ ਸੀ। ਪੁਲੀਸ ਨੇ ਦੇਵੀ ਲਾਲ ਨੂੰ ਵੀ ਕਾਬੂ ਕਰ ਲਿਆ, ਜੋ ਸੈਕਟਰ-80 ਵਿੱਚ ਝੁੱਗੀ ਵਿੱਚ ਰਹਿੰਦਾ ਸੀ। ਉਸ ਕੋਲੋਂ 14 ਹੋਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਅਮਨ ਖਾਨ ਅਤੇ ਸ਼ਵਨ ਖਾਨ ਖ਼ਿਲਾਫ਼ ਪਹਿਲਾਂ ਵੀ ਮਟੌਰ, ਸੋਹਾਣਾ, ਸੈਂਟਰਲ ਥਾਣਾ ਫੇਜ਼-8 ਅਤੇ ਥਾਣਾ ਸੈਕਟਰ-11, ਚੰਡੀਗੜ੍ਹ ਵਿਖੇ ਵੱਖ-ਵੱਖ ਪਰਚੇ ਦਰਜ ਹਨ।

ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇੰਜ ਹੀ ਸੈਂਟਰਲ ਥਾਣਾ ਫੇਜ਼-8 ਦੀ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਅਜੇ ਕੁਮਾਰ ਵਾਸੀ ਪਿੰਡ ਮਟੌਰ ਨੂੰ ਚੋਰੀ ਦੀ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਜੇ ਕੁਮਾਰ ਦੀ ਮੁੱਢਲੀ ਪੁੱਛਗਿੱਛ ਦੌਰਾਨ ਉਸ ਕੋਲੋਂ ਚੋਰੀ ਦੇ 5 ਸਾਈਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਸਾਈਕਲਾਂ ਨੂੰ ਚੋਰੀ ਕਰਕੇ ਸੂਰਜ ਵਾਸੀ ਪਿੰਡ ਛੱਜੂਮਾਜਰਾ ਕਲੋਨੀ ਨੂੰ ਵੇਚ ਦਿੰਦਾ ਸੀ। ਪੁਲੀਸ ਨੇ ਸੂਰਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸੂਰਜ ਕੋਲੋਂ ਵੀ ਚੋਰੀ ਦੇ ਦੋ ਸਾਈਕਲ ਬਰਾਮਦ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…