ਲੁੱਟਾਂ-ਖੋਹਾਂ ਤੇ ਚੋਰੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ, ਫ਼ਰਾਰ ਮੁਲਜ਼ਮਾਂ ਦੀ ਭਾਲ ਜਾਰੀ
ਨਬਜ਼-ਏ-ਪੰਜਾਬ, ਮੁਹਾਲੀ, 28 ਫਰਵਰੀ:
ਮੁਹਾਲੀ ਪੁਲੀਸ ਨੇ ਲੁੱਟਾਂ-ਖੋਹਾਂ ਤੇ ਸਨੈਨਿੰਗ ਅਤੇ ਕੋਠੀਆਂ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਮਨੌਲੀ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਬਾਕਰਪੁਰ ਵਜੋਂ ਹੋਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਆਈਟੀ ਸਿਟੀ ਥਾਣਾ ਮੁਹਾਲੀ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਸਪੀ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਦੌਰਾਨ ਥਾਣਾ ਆਈਟੀ ਸਿਟੀ ਦੇ ਐਸਐਚਓ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਸਰਾਂ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਵੱਲੋਂ ਮੁਲਜ਼ਮ ਜਸਵੀਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਬੀਤੀ 25 ਫਰਵਰੀ ਨੂੰ ਏਅਰਪੋਰਟ ਚੌਂਕ ’ਤੇ ਸ਼ਰਾਬ ਦੇ ਠੇਕੇ ਨੇੜੇ ਪੀੜਤ ਰਾਧੇ ਸ਼ਿਆਮ ਤੋਂ ਖੋਹਿਆ ਮੋਬਾਈਲ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰ ਸਾਈਕਲ ਬਰਾਮਦ ਕੀਤਾ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਰਾਧੇ ਸਿਆਮ ਵਾਸੀ ਬਿਹਾਰ (ਹਾਲ ਵਾਸੀ ਸੈਕਟਰ-83) ਨੇ ਰਿਪੋਰਟ ਲਿਖਾਈ ਸੀ ਕਿ ਉਹ 25 ਫਰਵਰੀ ਨੂੰ ਰਾਤੀ 8 ਵਜੇ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਏਅਰਪੋਰਟ ਸੜਕ ’ਤੇ ਆਈਟੀ ਸਿਟੀ ਨੇੜੇ ਸ਼ਰਾਬ ਠੇਕੇ ਕੋਲ ਪਹੁੰਚਿਆ ਤਾਂ ਤਿੰਨ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਉਸਦਾ ਮੋਬਾਈਲ ਖੋਹ ਲਿਆ। ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਇਲਾਕੇ ਵਿੱਚ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਤੋਂ ਸੋਨੇ ਦੇ ਗਹਿਣੇ, ਮੋਬਾਈਲ ਅਤੇ ਹੋਰ ਕੀਮਤੀ ਸਮਾਨ ਖੋਹ ਲੈਂਦੇ ਸੀ।
ਡੀਐਸਪੀ ਬੱਲ ਨੇ ਦੱਸਿਆ ਕਿ ਇੰਜ ਆਈਟੀ ਸਿਟੀ ਪੁਲੀਸ ਨੇ ਇੱਕ ਹੋਰ ਵੱਖਰੇ ਮਾਮਲੇ ਵਿੱਚ ਜਸਪ੍ਰੀਤ ਸਿੰਘ ਵਾਸੀ ਪਿੰਡ ਬਾਕਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸੈਕਟਰ-66 ਦੇ ਵਸਨੀਕ ਬਲਵੀਰ ਚੰਦ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸਦੀ ਉਸਾਰੀ ਅਧੀਨ ਕੋਠੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਪਾੜ ਲਗਾ ਕੇ ਬਿਜਲੀ ਦੀਆਂ ਤਾਰਾਂ, ਪਾਣੀ ਦੀਆਂ ਟੁੱਟੀਆਂ ਅਤੇ ਲੋਹੇ ਦਾ ਸਮਾਨ ਚੋਰੀ ਕਰ ਲਿਆ ਸੀ। ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਪੀੜਤ ਦੀ ਕੋਠੀ ’ਚੋਂ ਚੋਰੀ ਕੀਤਾ ਸਮਾਨ ਅਤੇ ਅੌਜ਼ਾਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਲੁੱਟਾਂ-ਖੋਹਾਂ ਅਤੇ ਚੋਰੀਆਂ ਦੇ ਮਾਮਲੇ ਵਿੱਚ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।