ਲੁੱਟ-ਖੋਹ ਮਾਮਲਾ: ਫਾਇਨਾਂਸ ਕੰਪਨੀ ਦੇ ਕਰਮਚਾਰੀ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ

ਕੰਪਨੀ ਮੁਲਾਜ਼ਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਲੁੱਟ ਦੀ ਰਾਸ਼ੀ ਬਰਾਮਦ

ਸੈਕਟਰ-80 ਸਥਿਤ ਮੌਲੀ ਬੈਦਵਾਨ ਨੇੜਿਓਂ ਪਾਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਸੋਹਾਣਾ ਪੁਲੀਸ ਨੇ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਤੋਂ ਲਾਂਡਰਾਂ ਮੁੱਖ ਸੜਕ ’ਤੇ ਸਥਿਤ ਫਾਇਨਾਂਸ ਕੰਪਨੀ ਦੇ ਦਫ਼ਤਰ ’ਚੋਂ 90 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਵਿੱਚ ਕੰਪਨੀ ਦਾ ਕਰਮਚਾਰੀ ਵਿਨੋਦ ਕੁਮਾਰ ਵੀ ਸ਼ਾਮਲ ਹੈ। ਐਸਐਚਓ ਦਲਜੀਤ ਸਿੰਘ ਗਿੱਲ ਅਤੇ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਨੇ ਆਪਣੇ ਸਕੂਲ ਸਮੇਂ ਦੇ ਦੋਸਤਾਂ ਨਾਲ ਮਿਲ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਵਿਨੋਦ ਕੁਮਾਰ ਸਮੇਤ ਉਸ ਦੇ ਦੋਵੇਂ ਦੋਸਤਾਂ ਵਿਜੈ ਕੁਮਾਰ ਅਤੇ ਅਕਾਸ਼ ਸੁਸੋਦੀਆਂ ਤਿੰਨੇ ਵਾਸੀ ਮਲੌਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪਹਿਲਾਂ ਕੰਪਨੀ ਦੀ ਮੈਨੇਜਰ ਜਾਨਵੀ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਲੇਕਿਨ ਹੁਣ ਉਕਤ ਤਿੰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸੋਹਾਣਾ ਸਥਿਤ ਫਾਇਨਾਂਸ ਕੰਪਨੀ ਵਿੱਚ ਲੁੱਟ-ਖੋਹ ਦੀ ਘਟਨਾ ਵਾਪਰੀ। ਦੋ ਲੁਟੇਰੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸੀ, ਕੰਪਨੀ ਦਫ਼ਤਰ ਵਿੱਚ ਆਏ ਅਤੇ ਕਾਊਂਟਰ ’ਤੇ ਬੈਠੀ ਮਹਿਲਾ ਮੁਲਾਜ਼ਮ ਕੋਲੋਂ 90 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਸੀ। ਲੁਟੇਰੇ ਮਹਿਲਾ ਮੁਲਾਜ਼ਮ ਦਾ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਏ ਸਨ। ਕੰਪਨੀ ਦੇ ਮੁਲਾਜ਼ਮ ਸ਼ੁਰੂ ਤੋਂ ਹੀ ਸੱਕ ਦੇ ਘੇਰੇ ਵਿੱਚ ਸਨ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਤੀ 19 ਜੂਨ ਨੂੰ ਮਹਿਲਾ ਕਰਮਚਾਰੀ ਨੇ ਦਫ਼ਤਰੀ ਸਟਾਫ਼ ’ਚੋਂ ਵਿਨੋਦ ਕੁਮਾਰ ਨੂੰ ਪੈਸੇ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਆਖਿਆ ਸੀ। ਵਿਨੋਦ ਨੇ ਯੋਜਨਾ ਤਹਿਤ ਥੋੜ੍ਹੀ ਦੇਰ ਬਾਅਦ ਬੈਂਕ ਜਾਣ ਦਾ ਬਹਾਨਾ ਲਗਾ ਕੇ ਅਚਾਨਕ ਦਫ਼ਤਰ ’ਚੋਂ ਬਾਹਰ ਆ ਗਿਆ ਅਤੇ ਆਪਣੇ ਸਾਥੀਆਂ ਨੂੰ ਫੋਨ ’ਤੇ ਇਤਲਾਹ ਦਿੱਤੀ ਗਈ ਕਿ ਉਹ ਕਾਊਂਟਰ ’ਤੇ ਜਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਤੱਕ ਪਹੁੰਚਾਉਣ। ਇਸ ਤਰ੍ਹਾਂ ਵਿਨੋਦ ਕੁਮਾਰ ਦੇ ਸਾਥੀ ਆਪਣਾ ਮੂੰਹ ਢਕ ਕੇ ਦਫ਼ਤਰ ਵਿੱਚ ਆਏ ਅਤੇ ਮਹਿਲਾ ਮੁਲਾਜ਼ਮ ਤੋਂ 80 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਬੁੱਧਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਫਾਇਨਾਂਸ ਕੰਪਨੀ ’ਚੋਂ ਲੁੱਟੀ 90 ਹਜ਼ਾਰ ਰਾਸ਼ੀ ਵੀ ਬਰਾਮਦ ਕਰ ਲਈ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …