
ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ, .32 ਬੋਰ ਦਾ ਦੇਸੀ ਪਿਸਤੌਲ ਬਰਾਮਦ
ਮੁਲਜ਼ਮ, ਫਾਜ਼ਿਲਕਾ ਤੋਂ ਮੁਹਾਲੀ ਆ ਕੇ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਮੁਹਾਲੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਫਾਜ਼ਿਲਕਾ ਤੋਂ ਰੇਲ ਗੱਡੀ ਰਾਹੀਂ ਮੁਹਾਲੀ ਆ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਵਾਰਦਾਤ ਤੋਂ ਬਾਅਦ ਵਾਪਸ ਆਪਣੇ ਇਲਾਕੇ ਵਿੱਚ ਚਲੇ ਜਾਂਦੇ ਸਨ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਇਸ ਸਬੰਧੀ ਪਰੀਕਸ਼ਿਤ ਸ਼ਰਮਾ ਵਾਸੀ ਬੇਨਸ ਟਾਵਰ, ਪਿੰਡ ਕੰਬਾਲੀ (ਮੁਹਾਲੀ) ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਰੇਲਵੇ ਸਟੇਸ਼ਨ ਮੁਹਾਲੀ ਦੇ ਨੇੜੇ ਪੈਦਲ ਜਾ ਰਿਹਾ ਸੀ ਤਾਂ ਮੋਟਰ ਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰਸਤੇ ਵਿੱਚ ਰੋਕ ਕੇ ਪਿਸਤੌਲ ਦੀ ਨੋਕ ’ਤੇ ਮੋਬਾਈਲ ਫੋਨ ਅਤੇ ਪਰਸ ਖੋਹ ਲਿਆ। ਇਸ ਸਬੰਧੀ ਫੇਜ਼-11 ਥਾਣੇ ਵਿੱਚ ਧਾਰਾ 379-ਬੀ, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਨਾਕਾਬੰਦੀ ਦੌਰਾਨ ਮੰਡੀ ਬੋਰਡ ਸੁਸਾਇਟੀ ਨੇੜੇ ਲਾਲ ਬੱਤੀ ਪੁਆਇੰਟ ’ਤੇ ਬਿਨਾਂ ਨੰਬਰ ਦੇ ਮੋਟਰ ਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਕਰਨ ਸਿੰਘ ਨਾਂਅ ਦੇ ਨੌਜਵਾਨ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਗਏ। ਪੁਲੀਸ ਨੇ ਉਸਦੇ ਸਾਥੀਆਂ ਰਘੂ ਛਾਬੜਾ ਅਤੇ ਯੁਵਰਾਜ ਸਿੰਘ ਨੂੰ ਵੀ ਮੌਕੇ ’ਤੇ ਕਾਬੂ ਕਰ ਲਿਆ।
ਪੁਲੀਸ ਅਨੁਸਾਰ ਮੁਲਜ਼ਮ ਕਰਨ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਏਅਰਪੋਰਟ ਸੜਕ ਤੋਂ ਇੱਕ ਬਲੈਨੋ ਗੱਡੀ ਖੋਹੀ ਸੀ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਪਹਿਲਾਂ ਹੀ ਧਾਰਾ 379ਬੀ, 34 ਤਹਿਤ ਕੇਸ ਦਰਜ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਮੁਹਾਲੀ, ਚੰਡੀਗੜ੍ਹ ਵਿੱਚ ਹੋਰ ਕਈ ਥਾਵਾਂ ’ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਮੰਨੀ ਹੈ। ਇਨ੍ਹਾਂ ਵਾਰਦਾਤਾਂ ਵਿੱਚ ਉਨ੍ਹਾਂ ਨਾਲ ਇੰਦਰਜੀਤ ਸਿੰਘ ਵਾਸੀ ਜ਼ਿਲ੍ਹਾ ਫਾਜ਼ਿਲਕਾ ਵੀ ਸ਼ਾਮਲ ਸੀ।
ਡੀਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਹੋਰਨਾਂ ਅਪਰਾਧੀਆਂ ਨਾਲ ਸਬੰਧ ਸਨ। ਮੁਲਜ਼ਮਾਂ ਕੋਲੋਂ ਬਰਾਮਦ ਪਿਸਤੌਲ ਨੇ ਪਿਛਲੇ ਸਾਲ ਕਾਬੂ ਕੀਤੇ ਗਏ ਵਾਹਨ ਚੋਰ ਗਰੋਹ ਦੇ ਗੈਂਗਸਟਰ ਅਰਵਿੰਦ ਸੋਢੀ ਤੋਂ ਲਈ ਸੀ। ਉਨ੍ਹਾਂ ਮੁਲਜ਼ਮਾਂ ਦੇ ਬਾਕੀ ਸਾਥੀਆਂ ਨੂੰ ਨਾਮਜ਼ਦ ਕੀਤਾ ਜਾ ਰਿਹਾ ਹੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੌਕੇ ਪ੍ਰੋਬੇਸ਼ਨਰ ਡੀਐਸਪੀ ਪ੍ਰਿਆ ਖੇੜਾ ਵੀ ਮੌਜੂਦ ਸਨ।