nabaz-e-punjab.com

ਗਿਆਨ ਜਯੋਤੀ ਇੰਸਟੀਚਿਊਟ ਵਿੱਚ ਤਿੰਨ ਰੋਜ਼ਾ ਜ਼ੋਨਲ ਯੂਥ ਫੈਸਟੀਵਲ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ

ਪੰਜਾਬ ਦੀ ਸ਼ਾਨ ਗਿੱਧੇ ਵਿੱਚ ਸੀਜੀਸੀ ਕਾਲਜ ਲਾਂਡਰਾਂ ਦੀਆਂ ਵਿਦਿਆਰਥਣਾਂ ਨੇ ਬਾਜ਼ੀ ਮਾਰੀ
ਯੂਥ ਫੈਸਟੀਵਲ ਦੀ ਓਵਰਆਲ ਟਰਾਫੀ ਬੇਲਾ ਕਾਲਜ ਨੇ ਜਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿੱਚ ਤਿੰਨ ਰੋਜ਼ਾ ਆਈ ਕੇ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਸਾਊਥ ਜ਼ੋਨ ਯੂਥ ਫੈਸਟੀਵਲ ਮੰਗਲਵਾਰ ਨੂੰ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਖ਼ੂਬਸੂਰਤ ਪ੍ਰੋਗਰਾਮ ਦੀ ਸਮਾਪਤੀ ਮੌਕੇ ਆਈ ਕੇ ਗੁਜਰਾਲ ਯੂਨੀਵਰਸਿਟੀ ਦੇ ਡੀਨ ਪਲਾਨਿੰਗ ਡਾ. ਐਨਪੀ ਸਿੰਘ ਮੁੱਖ ਮਹਿਮਾਨ ਸਨ। ਓਵਰਆਲ ਟਰਾਫ਼ੀ ਬੇਲਾ ਕਾਲਜ ਨੇ ਜਿੱਤੀ।
ਨਸ਼ਿਆਂ ਖ਼ਿਲਾਫ਼ ਨੌਜਵਾਨ ਥੀਮ ਹੇਠ ਕਰਵਾਏ ਗਏ ਰੰਗਾਰੰਗ ਗਤੀਵਿਧੀਆਂ, ਕਲਾ ਦੀ ਵੰਨਗੀਆਂ ਅਤੇ ਖ਼ੂਬਸੂਰਤ ਅਦਾਕਾਰੀ ਦੇ ਸੁਮੇਲ ਇਸ ਯੂਥ ਫੈਸਟੀਵਲ ਦੇ ਅਖੀਰਲੇ ਦਿਨ 19 ਕਾਲਜਾਂ ਦੇ 900 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਖ਼ਤ ਟੱਕਰ ਦਿੱਤੀ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਸਬੂਤ ਦਿੱਤਾ। ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਾਥੀ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।
ਅਖੀਰਲੇ ਦਿਨ ਪੱਛਮੀ ਸਿੰਗਲ ਗਾਇਕੀ, ਪੱਛਮੀ ਗਰੁੱਪ ਗਾਇਕੀ, ਪੰਜਾਬ ਦੀ ਸ਼ਾਨ ਗਿੱਧਾ, ਭਾਰਤੀ ਲੋਕ ਨਾਚ ਅਤੇ ਮੁਟਿਆਰਾਂ ਦਾ ਗਿੱਧਾ ਖਿੱਚ ਦਾ ਕੇਂਦਰ ਬਣੇ ਰਹੇ। ਉਂਜ ਅੱਜ ਪੂਰਾ ਦਿਨ ਸੰਗੀਤ, ਡਾਂਸ, ਥੀਏਟਰ, ਫਾਈਨ ਆਰਟਸ ਦੇ ਨਾਮ ਰਿਹਾ। ਕਲਾ ਦੀਆਂ ਵੰਨਗੀਆਂ ਛੱਡਦੇ ਹੋਏ ਇਸ ਖ਼ੂਬਸੂਰਤ ਸਮਾਰੋਹ ਵਿੱਚ ਪੱਛਮੀ ਗਰੁੱਪ ਗਾਇਕੀ ਅਤੇ ਪੱਛਮੀ ਸਿੰਗਲ ਗਾਇਕੀ ਵਿੱਚ ਇੰਡੋ ਗਲੋਬਲ ਕਾਲਜ ਆਫ਼ ਇੰਜੀਨੀਅਰਿੰਗ ਨੇ ਜਿੱਤ ਹਾਸਲ ਕੀਤੀ। ਜਦੋਂਕਿ ਪੰਜਾਬ ਦੀ ਸ਼ਾਨ ਗਿੱਧੇ ਵਿੱਚ ਸੀਜੀਸੀ ਕਾਲਜ ਲਾਂਡਰਾਂ ਦੀਆਂ ਵਿਦਿਆਰਥਣਾਂ ਨੇ ਬਾਜ਼ੀ ਮਾਰੀ। ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਗਿੱਧੇ ਵਿੱਚ ਲੜਕੀਆਂ ਦੇ ਪ੍ਰਦਰਸ਼ਨ ਆਪਣੀ ਨਿਵੇਕਲੀ ਪਛਾਣ ਬਣਾਈ। ਅਖੀਰ ਵਿੱਚ ਗਿੱਧੇ ਵਿੱਚ ਸੀਜੀਸੀ ਲਾਂਡਰਾਂ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਾਲਜ ਬੇਲਾ ਅਤੇ ਇੰਡੋ ਗਲੋਬਲ ਕਾਲਜਿਜ਼ ਆਫ਼ ਫਾਰਮੇਸੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿੱਤ ਹਾਰ ਮਨੁੱਖ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪ੍ਰੰਤੂ ਲਗਾਤਾਰ ਤਰੱਕੀ ਕਰਨ ਲਈ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਹਰ ਇਨਸਾਨ ਲਈ ਬਹੁਤ ਮਹੱਤਵ ਪੂਰਨ ਹੈ ਅਤੇ ਸਭਿਆਚਾਰਕ ਗਤੀਵਿਧੀਆਂ ਪੜ੍ਹਾਈ ਦੇ ਨਾਲ ਨਾਲ ਇੱਕ ਨਿਵੇਕਲੀ ਤਾਕਤ ਭਰਦੇ ਹੋਏ ਵਿਦਿਆਰਥੀ ਜੀਵਨ ਨੂੰ ਹੋਰ ਖ਼ੂਬਸੂਰਤ ਕਰ ਦਿੰਦੀਆਂ ਹਨ।
ਗਿਆਨ ਜਯੋਤੀ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਥ ਫੈਸਟੀਵਲ ਨੌਜਵਾਨਾਂ ਲਈ ਆਪਣੀ ਵਿਲੱਖਣ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਬਿਹਤਰੀਨ ਪਲੇਟਫ਼ਾਰਮ ਸਿੱਧ ਹੁੰਦੇ ਹਨ। ਉਂਜ ਵੀ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਵਧਦੀ ਹੈ। ਅਖੀਰ ਵਿੱਚ ਯੂਥ ਫੈਸਟੀਵਲ ਦੇ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…