
ਸੜਕ ਹਾਦਸਾ: ਤਿੰਨ ਫਰੂਟ ਵਿਕਰੇਤਾ ਗੰਭੀਰ ਜ਼ਖ਼ਮੀ, ਦੋ ਜਣਿਆਂ ਦੀ ਹਾਲਤ ਗੰਭੀਰ
ਮੁਹਾਲੀ ਤੋਂ ਖਰੜ ਨੂੰ ਜਾਂਦੀ ਏਅਰਪੋਰਟ ਸੜਕ ’ਤੇ ਵਾਪਰਿਆ ਹਾਦਸਾ
ਸ਼ਰਾਬ ਦੇ ਨਸ਼ੇ ਵਿੱਚ ਟੱਲੀ ਚਾਲਕ ਨੇ ਸੜਕ ’ਤੇ ਪੈਦਲ ਜਾ ਰਹੇ ਫਰੂਟ ਵਿਕਰੇਤਾਵਾਂ ’ਤੇ ਚੜ੍ਹਾਈ ਕਾਰ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਮੁਹਾਲੀ ਏਅਰਪੋਰਟ ਸੜਕ ’ਤੇ ਫੈਕਟਰੀ ਏਰੀਆ ਨਜ਼ਦੀਕ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਫਰੂਟ ਵਿਕਰੇਤਾ ਗੰਭੀਰ ਰੂਪ ਵਿੱਚ ਜ਼ਖ਼ਮ ਹੋ ਗਏ। ਜ਼ਖ਼ਮੀਆਂ ਦੀ ਪਛਾਣ ਧਰਮਿੰਦਰ (35) ਤੇ ਰਾਮ ਬਾਬੂ (35) ਅਤੇ ਓਮਵੀਰ (50) ਦੇ ਰੂਪ ਵਿੱਚ ਹੋਈ ਹੈ। ਬਲੌਂਗੀ ਪੁਲੀਸ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਗਏ ਇਨ੍ਹਾਂ ਤਿੰਨਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਰਾਮ ਬਾਬੂ ਅਤੇ ਓਮਵੀਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਮਗਰੋਂ ਸੈਕਟਰ-32 ਦੇ ਜਨਰਲ ਹਸਪਤਾਲ ਵਿੱਚ ਭੇਜ ਦਿੱਤਾ। ਉੱਥੋਂ ਓਮਵੀਰ ਨੂੰ ਪੀਜੀਆਈ ਰੈਫਰ ਕਰ ਦਿੱਤਾ। ਇਨ੍ਹਾਂ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ, ਰਾਮ ਬਾਬੂ ਅਤੇ ਓਮਵੀਰ ਆਪੋ ਆਪਣੀਆਂ ਰੇਹੜੀਆਂ ’ਤੇ ਫਲ ਫਰੂਟ ਵੇਚਣ ਦਾ ਕੰਮ ਕਰਦੇ ਹਨ ਅਤੇ ਇਹ ਤਿੰਨੇ ਜਣੇ ਪਿੰਡ ਬਰਿਆਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਇਹ ਤਿੰਨੇ ਜਣੇ ਸ਼ਨਿਚਰਵਾਰ ਦੇਰ ਰਾਤ ਕਰੀਬ ਸਾਢੇ 10 ਵਜੇ ਮੁਹਾਲੀ ਏਅਰਪੋਰਟ ਸੜਕ ਦੇ ਇਕ ਕੰਢੇ ਆਪਣੀਆਂ ਫਰੂਟ ਦੀਆਂ ਰੇਹੜੀਆਂ ਲੈ ਕੇ ਵਾਪਸ ਬਰਿਆਲੀ ਪਿੰਡ ਜਾ ਰਹੇ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਸੈਂਟਰੋ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪੁਲੀਸ ਅਨੁਸਾਰ ਕਾਰ ਦਾ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਸੀ। ਫੈਕਟਰੀ ਏਰੀਆ ਫੇਜ਼-8 ਤੋਂ ਅੱਗੇ ਪੁਲ ਲੰਘ ਕੇ ਬੇਕਾਬੂ ਕਾਰ ਫਰੂਟ ਵਿਕਰੇਤਾਵਾਂ ਦੇ ਉੱਤੇ ਚੜ ਗਈ ਅਤੇ ਹਾਦਸੇ ਤੋਂ ਬਾਅਦ ਕਾਫੀ ਦੂਰ ਤੱਕ ਧੂਹ ਕੇ ਲੈ ਕੇ ਗਈ। ਹਾਲਾਂਕਿ ਕਾਰ ਚਾਲਕ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਰਾਹਗੀਰਾਂ ਨੇ ਉਨ੍ਹਾਂ ਨੂੰ ਕੁਝ ਹੀ ਦੂਰੀ ’ਤੇ ਰੋਕ ਕੇ ਕਾਬੂ ਕਰ ਲਿਆ ਅਤੇ ਪੁਲੀਸ ਨੂੰ ਇਤਲਾਹ ਦਿੱਤੀ ਗਈ।
ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਏਐਸਆਈ ਕੇਵਲ ਸਿੰਘ ਤੁਰੰਤ ਪੁਲੀਸ ਕਰਮਚਾਰੀ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਤਿੰਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਅਤੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਹਾਦਸਾ ਗ੍ਰਸਤ ਸੈਂਟਰੋ ਕਾਰ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ। ਪੁਲੀਸ ਅਨੁਸਾਰ ਮੈਡੀਕਲ ਰਿਪੋਰਟ ਵਿੱਚ ਸਪੱਸ਼ਟ ਹੋ ਗਿਆ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਜਾਂਚ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜ਼ਖ਼ਮੀ ਧਰਮਿੰਦਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕਾਰ ਚਾਲਕ ਸ਼ਿਵ ਚਰਨ ਵਾਸੀ ਰੋਹਤਕ ਦੇ ਖ਼ਿਲਾਫ਼ ਧਾਰਾ 279, 337,338 ਤੇ 427 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਕਾਰ ਚਾਲਕ ਪਿੰਡ ਮੌਲੀ ਬੈਦਵਾਨ ਵਿੱਚ ਰਹਿ ਰਿਹਾ ਹੈ।