ਗੈਂਗਸਟਰ ਬੰਬੀਹਾ ਗਰੁੱਪ ਦੇ ਤਿੰਨ ਮੈਂਬਰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਉਦਯੋਗਪਤੀਆਂ ਤੇ ਵੱਡੇ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਵਸੂਲਦੇ ਸਨ ਮੁਲਜ਼ਮ

ਕੈਨੇਡਾ ਵਿੱਚ ਰਹਿੰਦੇ ਦਪਿੰਦਰ ਸਿੰਘ ਚੀਮਾ ਉਰਫ਼ ਦੀਪ ਨੂੰ ਕੀਤਾ ਨਾਮਜ਼ਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਗੈਂਗਸਟਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦਵਿੰਦਰ ਬੰਬੀਹਾ ਗਰੁੱਪ ਦੇ ਤਿੰਨ ਮੈਂਬਰਾਂ ਮਨਦੀਪ ਸਿੰਘ ਧਾਲੀਵਾਲ ਵਾਸੀ ਪਿੰਡ ਫਿਰੋਜਪੁਰ (ਮੁੱਲਾਂਪੁਰ ਗਰੀਬਦਾਸ), ਜਸਵਿੰਦਰ ਸਿੰਘ ਉਰਫ਼ ਖੱਟੂ ਵਾਸੀ ਪਿੰਡ ਮੰਗਲੀ ਖਾਸ (ਲੁਧਿਆਣਾ), ਅਤੇ ਅਰਸ਼ਦੀਪ ਸਿੰਘ ਅਰਸ਼ ਵਾਸੀ ਮਨਜੀਤ ਨਗਰ (ਪਟਿਆਲਾ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਮੁਲਜ਼ਮਾਂ ਕੋਲੋਂ ਦੋ ਪਿਸਤੌਲ, 9 ਜ਼ਿੰਦਾ ਕਾਰਤੂਸ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਗੌਰਵ ਪਟਿਆਲ ਉਰਫ਼ ਲੱਕੀ ਅਤੇ ਉਸ ਦੇ ਭਰਾ ਸੌਰਵ ਪਟਿਆਲ ਉਰਫ਼ ਲੱਕੀ ਵਾਸੀ ਨਿਊ ਕਲੋਨੀ, ਖੁੱਡਾ ਲਹੋਰਾ, ਚੰਡੀਗੜ੍ਹ, ਜਸਵਿੰਦਰ ਸਿੰਘ ਖੱਟੂ, ਮਨਦੀਪ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੰਬੀਹਾ ਗਰੁੱਪ ਬਣਾਇਆ ਹੋਇਆ ਹੈ, ਜੋ ਨਾਜਾਇਜ਼ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਟੀਮ ਬਣਾਈ ਗਈ। ਇਸ ਤਰ੍ਹਾਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਥਾਣਾ ਸਿਟੀ ਖਰੜ ਦੇ ਐਸਐਚਓ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਬੰਬੀਹਾ ਗਰੁੱਪ ਦੇ ਤਿੰਨ ਸਰਗਰਮ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਕਈ ਸਾਥੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ ਅਤੇ ਕੁੱਝ ਬਾਹਰ ਹਨ ਅਤੇ ਅਪਰਾਧਿਕ ਗਤੀਵਿਧੀਆਂ ਕਰਦੇ ਹਨ। ਮੌਜੂਦਾ ਸਮੇਂ ਵਿੱਚ ਇੱਥੋਂ ਦੇ ਸੈਕਟਰ-125 ਇਹ ਤਿੰਨੇ ਈਐਮਆਰ ਐਮਜੀਐਫ਼ ਸੈਕਟਰ-105 (ਮੁਹਾਲੀ) ਵਿੱਚ ਰਹਿ ਰਹੇ ਸੀ।
ਇਹ ਜਾਅਲੀ ਆਈਡੀ ਤੋਂ ਨੰਬਰ ਜਨਰੇਟ ਕਰਕੇ ਸੋਸ਼ਲ ਮੀਡੀਆ ’ਤੇ ਧਮਕੀਆਂ ਅਤੇ ਕਤਲ ਕਰਨ ਤੋਂ ਬਾਅਦ ਜ਼ਿੰਮੇਵਾਰੀਆਂ ਚੁੱਕਦੇ ਹਨ ਅਤੇ ਆਪਣੇ ਵਿਰੋਧੀ ਗਰੁੱਪ ਦੇ ਮੈਂਬਰਾਂ ਨੂੰ ਮਾਰ ਕੇ ਆਮ ਲੋਕਾਂ ’ਤੇ ਪ੍ਰਭਾਵ ਪਾ ਰਹੇ ਹਨ ਤਾਂ ਜੋ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਸਕੇ। ਪੁਲੀਸ ਅਨੁਸਾਰ ਮੁਲਜ਼ਮ ਉਦਯੋਗਪਤੀਆਂ ਅਤੇ ਵੱਡੇ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਵਸੂਲਦੇ ਹਨ ਅਤੇ ਇਹ ਪੈਸਾ ਦੋ ਵੱਖ-ਵੱਖ ਮਿਊਜ਼ਿਕ ਕੰਪਨੀਆਂ ਠੱਗ ਲਾਈਫ਼ ਅਤੇ ਗੋਲਡ ਮੀਡੀਆ ਵਿੱਚ ਲਗਾਉਂਦੇ ਹਨ। ਮੁਲਜ਼ਮ ਗਾਇਕਾਂ ਕੋਲੋਂ ਧੱਕੇ ਨਾਲ ਘੱਟ ਕੀਮਤ ’ਤੇ ਗੀਤ ਲੈ ਕੇ ਆਪਣੀ ਉਕਤ ਕੰਪਨੀਆਂ ਵਿੱਚ ਚਲਾਉਂਦੇ ਸਨ ਅਤੇ ਗੀਤਾਂ ਤੋਂ ਵੱਧ ਕਮਾਈ ਕਰਦੇ ਸੀ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮਨਦੀਪ ਸਿੰਘ ਦੀ ਮੁਲਾਕਾਤ ਗੌਰਵ ਪਟਿਆਲ ਨਾਲ ਹੋਈ ਸੀ। ਮੁਹਾਲੀ ਦੇ ਵਸਨੀਕ ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ, ਲੱਕੀ ਪÎਟਿਆਲ, ਸੁਖਪ੍ਰੀਤ ਸਿੰਘ ਬੁੱਢਾ ਨੇ ਧਮਕੀ ਦੇਣ ਦੇ ਬਾਵਜੂਦ ਪੈਸੇ ਨਾ ਦੇਣ ਕਾਰਨ ਫਾਇਰਿੰਗ ਕੀਤੀ ਸੀ। ਬਾਅਦ ਵਿੱਚ ਮਨਦੀਪ ਨੇ ਇਨ੍ਹਾਂ ਨੂੰ ਪਨਾਹ ਦਿੱਤੀ ਸੀ ਅਤੇ ਬਾਅਦ ਵਿੱਚ ਦੁਬਈ ਚਲਾ ਗਿਆ ਸੀ। ਹੁਣ ਵਾਪਸ ਆ ਕੇ ਲੁਕ ਛਿਪ ਕੇ ਰਹਿ ਰਿਹਾ ਸੀ। ਉਹ ਗੈਂਗਸਟਰਾਂ ਦੀ ਠੱਪ ਲਾਈਫ਼ ਕੰਪਨੀ ਲਈ ਕੰਮ ਕਰਦਾ ਸੀ। ਲੱਕੀ ਪਟਿਆਲ ਬੰਬੀਹਾ ਗਰੁੱਪ ਨੂੰ ਪ੍ਰਮੋਟ ਕਰਦਾ ਸੀ।
ਜਸਵਿੰਦਰ ਸਿੰਘ ਉਰਫ਼ ਖੱਟੂ ਦੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਪਹਿਲਾਂ ਵੀ ਮੁਹਾਲੀ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਹਾਈ ਕੋਰਟ ਦੇ ਵਕੀਲ ਅਰਸ਼ਦੀਪ ਸਿੰਘ ਸੇਠੀ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਖੱਟੂ ਹੁਣ ਲੱਕੀ ਪਟਿਆਲ ਨਾਲ ਬੰਬੀਹਾ ਗਰੁੱਪ ਦੀ ਮਦਦ ਕਰ ਰਿਹਾ ਸੀ। ਅਰਸ਼ਦੀਪ ਸਿੰਘ ਉਰਫ਼ ਅਰਸ਼ ਬਾਰ੍ਹਵੀਂ ਪਾਸ ਹੈ। ਇਹ ਗੋਲਡ ਮੀਡੀਆ ਨਾਂ ਦੀ ਕੰਪਨੀ ਚਲਾਉਂਦਾ ਹੈ। ਬੰਬੀਹਾ ਗਰੁੱਪ ਵੱਲੋਂ ਜਦੋਂ ਗਾਇਕ ਪਰਮੀਸ਼ ਵਰਮਾ ਤੋਂ ਫਰੌਤੀ ਦੀ ਮੰਗ ਕੀਤੀ ਗਈ ਸੀ ਤਾਂ ਉਸ ਸਮੇਂ ਅਰਸ਼ਦੀਪ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ। ਸੁਖਪ੍ਰੀਤ ਬੁੱਢਾ ਵੱਲੋਂ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੋਂ 25 ਲੱਖ ਦੀ ਫਿਰੌਤੀ ਮੰਗਣ ਵਾਲੇ ਕੇਸ ਵਿੱਚ ਸ਼ਾਮਲ ਸੀ। ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਿਊਜ਼ੀਕਲ ਕੰਪਨੀ ਠੱਗ ਲਾਈਫ਼ ਨੂੰ ਦਪਿੰਦਰ ਸਿੰਘ ਚੀਮਾ ਉਰਫ਼ ਦੀਪ ਚੀਮਾ ਵਾਸੀ (ਲੁਧਿਆਣਾ) ਹਾਲ ਵਾਸੀ ਟਰਾਂਟੋ (ਕੈਨੇਡਾ) ਤੋਂ ਚਲਾ ਰਿਹਾ ਹੈ। ਦਪਿੰਦਰ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਖਰੜ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Banks

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …