
ਮੁਹਾਲੀ ਵਿੱਚ ਤਿੰਨ ਹੋਰ ਮਰੀਜ਼ਾਂ ਨੂੰ ਕਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ
ਪੀਜੀ ’ਚ ਰਹਿੰਦੀ ਸੀ ਕਰੋਨਾ ਪੀੜਤ ਨਿੱਜੀ ਕੰਪਨੀ ਦੀ ਮੁਲਾਜ਼ਮ, ਸਹੇਲੀ ਨੂੰ ਪੀਜੀਆਈ ’ਚ ਕੀਤਾ ਦਾਖ਼ਲ
ਸਿਹਤ ਵਿਭਾਗ ਨੇ ਤਿੰਨ ਹੋਰ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸ਼ਹਿਰ ਮੁਹਾਲੀ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ। ਇੱਥੋਂ ਦੇ ਫੇਜ਼-3ਏ ਵਿੱਚ ਕਰੋਨਾਵਾਇਰਸ ਤੋਂ ਪੀੜਤ ਅੌਰਤ ਗੁਰਦੇਵ ਕੌਰ (69) ਦੀ ਵੱਡੀ ਭੈਣ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇੰਜ ਹੀ ਇੱਥੋਂ ਦੇ ਸੈਕਟਰ-69 ਦੇ ਵਸਨੀਕ ਅਮਨਦੀਪ ਸਿੰਘ ਅਤੇ ਮੁਹਾਲੀ ਦੀ ਵਸਨੀਕ ਰੰਜਨਾ ਨਾਂ ਦੀ ਲੜਕੀ ਵੀ ਕਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਰੰਜਨਾ ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਇਕ ਨਾਮੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀ ਹੈ ਅਤੇ ਫੇਜ਼-5 ਵਿੱਚ ਪੀਜੀ ਵਿੱਚ ਰਹਿੰਦੀ ਹੈ। ਕੰਪਨੀ ਮਾਲਕ ਦੀ ਬੇਟੀ ਵੀ ਕਰੋਨਾਵਾਇਰਸ ਤੋਂ ਪੀੜਤ ਹੈ। ਰੰਜਨਾ ਵੀ ਉਸ ਦੇ ਸੰਪਰਕ ਵਿੱਚ ਰਹਿਣ ਕਾਰਨ ਲਪੇਟੇ ਵਿੱਚ ਆ ਗਈ ਹੈ। ਸਿਹਤ ਵਿਭਾਗ ਦੀ ਟੀਮ ਨੇ ਅੱਜ ਰੰਜਨਾ ਦੀ ਰੂਮ ਮੇਟ ਲੜਕੀ ਨੂੰ ਵੀ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਕੰਪਨੀ ਦੇ ਸਾਰੇ ਕਰਮਚਾਰੀ ਵੀ ਆਪਣੇ ਘਰਾਂ ਵਿੱਚ ਨਜ਼ਰਬੰਦ ਹਨ। ਮੁਹਾਲੀ ਵਿੱਚ ਕਰੋਨਾ ਪੀੜਤ ਚਾਰ ਮਰੀਜ਼ ਮਿਲਣ ਦੀ ਪੁਸ਼ਟੀ ਹੋਣ ਕਾਰਨ ਸ਼ਹਿਰ ਵਾਸੀ ਕਾਫ਼ੀ ਭੈਅ-ਭੀਤ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੰਗਲੈਂਡ ਤੋਂ ਪਰਤੀ ਗੁਰਦੇਵ ਕੌਰ ਦੀ ਵੱਡੀ ਭੈਣ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੂੰ ਬੀਤੇ ਦਿਨੀਂ ਸਰਕਾਰੀ ਹਸਪਤਾਲ ਸਥਿਤ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਕੇ ਖੂਨ ਦੇ ਸੈਂਪਲ ਜਾਂਚ ਲਈ ਭੇਜੇ ਗਏ ਸੀ। ਲੰਘੀ ਰਾਤ ਇਹ ਦੋਵੇਂ ਭੈਣਾਂ ਆਪਣੀ ਇੱਛਾ ਅਨੁਸਾਰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੋ ਗਏ ਹਨ। ਇਸ ਦੇ ਨਾਲ ਹੀ ਫੇਜ਼-5 ਪੀਜੀ ਵਿੱਚ ਰਹਿੰਦੀ ਰੰਜਨਾ ਅਤੇ ਸੈਕਟਰ-69 ਦੇ ਅਮਨਦੀਪ ਸਿੰਘ ਦੀਆਂ ਰਿਪੋਰਟਾਂ ਵੀ ਪਾਜ਼ੇਟਿਵ ਆਈਆਂ ਹਨ। ਉਨ੍ਹਾਂ ਅੱਜ ਵੀ ਤਿੰਨ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਰੰਜਨਾ ਦੀ ਮਾਂ ਅਤੇ ਇਕ ਹੋਰ ਸ਼ੱਕੀ ਮਰੀਜ਼ ਨੂੰ ਸਰਕਾਰੀ ਹਸਪਤਾਲ ਖਰੜ ਸਥਿਤ ਆਈਸੋਲੇਸ਼ਨ ਵਿੱਚ ਦਾਖ਼ਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਅਤੇ ਪੁਲੀਸ ਨਾਲ ਮਾੜਾ ਵਿਹਾਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਇਸ ਮਗਰੋਂ ਕਰੋਨਾ ਪੀੜਤ ਗੁਰਦੇਵ ਕੌਰ, ਉਸ ਦੀ ਵੱਡੀ ਭੈਣ ਅਤੇ ਬੇਟੇ ਖ਼ਿਲਾਫ਼ ਥਾਣਾ ਮਟੌਰ ਵਿੱਚ ਆਈਪੀਸੀ ਦੀ ਧਾਰਾ 269, 270 ਅਤੇ 188 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਪਰਿਵਾਰ ਨੇ ਬੀਤੇ ਕੱਲ੍ਹ ਮੁਹੱਲੇ ਵਿੱਚ ਕਾਫੀ ਹੱਲਾ ਕੀਤਾ ਸੀ।
(ਬਾਕਸ ਆਈਟਮ)
ਇੱਥੋਂ ਦੇ ਫੇਜ਼-9 ਦਾ ਨੌਜਵਾਨ ਕੁਝ ਦਿਨ ਪਹਿਲਾਂ ਹੀ ਆਸਟਰੇਲੀਆ ਤੋਂ ਆਇਆ ਹੈ। ਉਸ ਦੇ ਤੰਦਰੁਸਤ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਪਿੰਡ ਕੁੰਭੜਾ ਦੇ ਅਜੈਬ ਸਿੰਘ ਅਤੇ ਉਸ ਦੀ ਪਤਨੀ ਅਤੇ ਜਸਬੀਰ ਸਿੰਘ ਵੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤੇ ਹਨ। ਅਜੈਬ ਸਿੰਘ ਤੇ ਉਸ ਦੀ ਪਤਨੀ ਆਪਣੇ ਬੇਟੇ ਕੋਲ ਆਸਟਰੇਲੀਆ ਗਏ ਸੀ ਅਤੇ 6 ਮਾਰਚ ਨੂੰ ਵਾਪਸ ਆਏ ਸੀ। ਉਨ੍ਹਾਂ ਦੀ ਦਿੱਲੀ ਏਅਰਪੋਰਟ ’ਤੇ ਮੈਡੀਕਲ ਜਾਂਚ ਹੋ ਚੁੱਕੀ ਹੈ।
ਜਸਬੀਰ ਸਿੰਘ ਕੁੰਭੜਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਨਿਊਜ਼ੀਲੈਂਡ ਵਿੱਚ ਬੇਟੇ ਨੂੰ ਮਿਲਣ ਗਏ ਸੀ। ਵਿਦੇਸ਼ ਵਿੱਚ ਉਸ ਦਾ ਮਨ ਨਾ ਲੱਗਣ ਕਾਰਨ ਉਹ 12 ਮਾਰਚ ਨੂੰ ਵਾਪਸ ਆ ਗਿਆ ਸੀ ਪ੍ਰੰਤੂ ਉਸ ਦੀ ਪਤਨੀ ਉੱਥੇ ਹੀ ਹੈ। ਉਨ੍ਹਾਂ ਦਾ ਮੈਡੀਕਲ ਹੋ ਚੁੱਕਾ ਹੈ ਅਤੇ ਉਹ ਹਾਲੇ ਵੀ ਹਾਊਸ ਆਈਸੋਲੇਸ਼ਨ ਵਿੱਚ ਹਨ।