Nabaz-e-punjab.com

ਕਰੋਨਾਵਾਇਰਸ: ਮੁਹਾਲੀ, ਖਰੜ ਤੇ ਕੁਰਾਲੀ ਦੇ ਤਿੰਨ ਹੋਰ ਮਰੀਜ਼ਾਂ ਨੂੰ ਮਿਲੀ ਛੁੱਟੀ

ਮੁਹਾਲੀ ਦੇ ਹੁਣ ਸਿਰਫ਼ 4 ਪੀੜਤ ਮਰੀਜ਼ ਜ਼ੇਰੇ ਇਲਾਜ, ਹੁਣ ਤੱਕ 98 ਮਰੀਜ਼ਾਂ ਨੇ ਦਿੱਤੀ ਕਰੋਨਾ ਨੂੰ ਮਾਤ

ਹੁਣ ਤੱਕ 3365 ਸੈਂਪਲਾਂ ਦੀ ਕੀਤੀ ਜਾ ਚੁੱਕੀ ਹੈ ਜਾਂਚ, 11 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਐਤਵਾਰ ਨੂੰ ਕਰੋਨਾਵਾਇਰਸ ਤੋਂ ਪੀੜਤ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਮੁਹਾਲੀ ਜ਼ਿਲ੍ਹੇ ਵਿੱਚ ਜਿਸ ਤਰ੍ਹਾਂ ਤੇਜ਼ੀ ਨਾਲ ਕਰੋਨਾ ਦੇ ਪਾਜ਼ੇਟਿਵ ਮਾਮਲੇ ਵਧੇ ਸਨ, ਉਵੇਂ ਹੀ ਲਗਾਤਾਰ ਪੀੜਤ ਮਰੀਜ਼ ਠੀਕ ਵੀ ਹੋ ਕੇ ਘਰਾਂ ਵਿੱਚ ਪਰਤ ਰਹੇ ਹਨ। ਅੱਜ ਤਿੰਨ ਹੋਰ ਪੀੜਤ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਵਜੋਤ ਕੌਰ (28) ਵਾਸੀ ਐਸਬੀਪੀ ਹੋਮਜ਼, ਸੈਕਟਰ-126 (ਮੁਹਾਲੀ), ਪ੍ਰਿਆ (32) ਵਾਸੀ ਅਮਨ ਸਿਟੀ ਖਰੜ, ਅਮਨਪ੍ਰੀਤ ਕੌਰ (32) ਵਾਸੀ ਕੁਰਾਲੀ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਹ ਤਿੰਨੇ ਮਰੀਜ਼ ਸਰਕਾਰੀ ਹਸਪਤਾਲ ਰੂਪਨਗਰ ਵਿੱਚ ਜ਼ੇਰੇ ਇਲਾਜ ਸਨ। ਬੀਤੀ 10 ਮਈ ਨੂੰ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਹੋਰਨਾਂ ਪੀੜਤਾਂ ਦੇ ਮੁਕਾਬਲੇ ਇਨ੍ਹਾਂ ਮਰੀਜ਼ਾਂ ਨੇ ਬਹੁਤ ਛੇਤੀ ਕਰੋਨਾ ਨੂੰ ਹਰਾਇਆ ਹੈ। ਜਦੋਂਕਿ ਕਈ ਮਰੀਜ਼ ਤਾਂ ਅਜਿਹੇ ਵੀ ਸਨ ਜੋ 30 ਤੋਂ 42 ਦਿਨਾਂ ਤੱਕ ਲਗਾਤਾਰ ਹਸਪਤਾਲ ਵਿੱਚ ਦਾਖ਼ਲ ਰਹੇ ਹਨ ਪ੍ਰੰਤੂ ਉਕਤ ਤਿੰਨੇ ਮਰੀਜ਼ਾਂ ਵਿੱਚ ਦੁਬਾਰਾ ਕਰੋਨਾ ਦੇ ਲੱਛਣ ਨਜ਼ਰ ਨਹੀਂ ਆਏ। ਜਿਸ ਕਾਰਨ ਉਨ੍ਹਾਂ ਨੂੰ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ ਹੈ। ਇਹ ਤਿੰਨੇ ਅੌਰਤਾਂ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਰੂਪਨਗਰ ਵਿੱਚ ਹੀ ਤਾਇਨਾਤ ਸਨ ਅਤੇ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਅਤੇ ਦੇਖਭਾਲ ਕਰਦਿਆਂ ਉਹ ਵੀ ਇਸ ਖ਼ਤਰਨਾਕ ਵਾਇਰਸ ਦੇ ਲਪੇਟੇ ਵਿੱਚ ਆ ਗਈਆਂ ਸਨ।
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੀ ਮਹਾਮਾਰੀ ਤੋਂ ਪੀੜਤ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 98 ਹੋ ਗਈ ਹੈ ਜਦਕਿ ਹੁਣ ਤੱਕ 105 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਤਿੰਨ ਪੀੜਤ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ ਸਿਰਫ਼ 4 ਐਕਟਿਵ ਕੇਸ ਹਨ। ਇਹ ਵਿਅਕਤੀ ਵੀ ਦੂਜੇ ਜ਼ਿਲ੍ਹਿਆਂ ਵਿੱਚ ਦਾਖ਼ਲ ਸਨ। ਮੁਹਾਲੀ ਦੇ ਕਿਸੇ ਹਸਪਤਾਲ ਵਿੱਚ ਇਸ ਸਮੇਂ ਕੋਈ ਪੀੜਤ ਮਰੀਜ਼ ਦਾਖ਼ਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਲਾਜ ਅਧੀਨ ਚਾਰ ਮਰੀਜ਼ਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿੱਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਇਸ ਸਮੇਂ 1300 ਵਿਅਕਤੀ ਇਕਾਂਤਵਾਸ ਵਿੱਚ ਹਨ ਅਤੇ ਹੁਣ ਤੱਕ 3365 ਸ਼ੱਕੀ ਵਿਅਕਤੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 11 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…