ਪਿੰਡ ਜਵਾਹਰਪੁਰ ਦੇ ਤਿੰਨ ਹੋਰ ਮਰੀਜ਼ਾਂ ਨੇ ਦਿੱਤੀ ਕਰੋਨਾ ਨੂੰ ਮਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਜ਼ਿਲ੍ਹਾ ਮੁਹਾਲੀ ਵਿੱਚ ‘ਕੋਰੋਨਾ ਵਾਇਰਸ’ ਤੋਂ ਪੀੜਤ ਤਿੰਨ ਹੋਰ ਮਰੀਜ਼ ਸਨਿਚਰਵਾਰ ਨੂੰ ਪੂਰੀ ਤਰ੍ਹਾਂ ਠੀਕ ਹੋ ਗਏ। ਜ਼ਿਲ੍ਹੇ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 33 ਹੋ ਗਈ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂ ਸਿੰਘ ਨੇ ਦੱਸਿਆ ਕਿ ਅੱਜ ਠੀਕ ਹੋਏ ਤਿੰਨੇ ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ। ਇਨ੍ਹਾਂ ਸਾਰਿਆਂ ਦਾ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਦੇ ‘ਕੋਵਿਡ ਕੇਅਰ ਸੈਂਟਰ’ ਵਿੱਚ ਇਲਾਜ ਚੱਲ ਰਿਹਾ ਸੀ। ਤੰਦਰੁਸਤ ਹੋਣ ਵਾਲਿਆਂ ਵਿੱਚ 35 ਸਾਲਾ ਸੀਮਾ, 53 ਸਾਲਾ ਅਵਤਾਰ ਸਿੰਘ ਅਤੇ 35 ਸਾਲਾ ਮਨਪ੍ਰੀਤ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਮਰੀਜ਼ਾਂ ਦੇ 14 ਦਿਨਾਂ ਮਗਰੋਂ ਕੀਤੇ ਗਏ ਲਗਾਤਾਰ ਦੋ ਟੈਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁੱਲ 20 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਡੇਰਾਬੱਸੀ ਦੇ ਨਿਰੰਕਾਰੀ ਭਵਨ ਵਿੱਚ ਬਣਾਏ ਗਏ ‘ਇਕਾਂਤਵਾਸ ਕੇਂਦਰ’ ਵਿੱਚ ਰੱਖਿਆ ਜਾਵੇਗਾ।
ਡਾ. ਰੇਨੂ ਸਿੰਘ ਨੇ ਦੱਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਵਧੀਆ ਢੰਗ ਨਾਲ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਠੀਕ ਹੋਏ ਮਰੀਜ਼ਾਂ ਨੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਹੋਰ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਹਸਪਤਾਲ ਵਿੱਚ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਚੰਗਾ ਅਤੇ ਮਿਆਰੀ ਇਲਾਜ ਮਿਲਿਆ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਵਿਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਉਹ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੂਰੀ ਨਿਡਰਤਾ, ਮਿਹਨਤ ਅਤੇ ਲਗਨ ਨਾਲ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤਯਾਬ ਹੋਏ ਮਰੀਜ਼ਾਂ ਨੂੰ ਫ਼ਿਲਹਾਲ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਨੂੰ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਣ, ਮਾਸਕ ਪਾਉਣ ਅਤੇ ਵਾਰ ਵਾਰ ਹੱਥ ਧੋਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…