
ਐਸਟੀਐਫ਼ ਵੱਲੋਂ 100 ਗਰਾਮ ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 75 ਹਜ਼ਾਰ ਦੀ ਨਗਦੀ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਰੰਭੀ ਵਿਸ਼ੇਸ਼ ਮੁਹਿੰਮ ਦੇ ਤਹਿਤ ਐਸਟੀਐਫ਼ ਟੀਮ ਵੱਲੋਂ 100 ਗਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਭੁਪਿੰਦਰ ਸਿੰਘ ਉਰਫ਼ ਪੋਨੀ ਵਾਸੀ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਸੰਦੀਪ ਸਿੰਘ ਵਾਸੀ ਪਿੰਡ ਭੂਰੜੇ (ਚਮਕੌਰ ਸਾਹਿਬ) ਅਤੇ ਬਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਐਸਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਅਤੇ ਪੋਨੀ ਹੁਣ ਜ਼ੀਰਕਪੁਰ ਵਿੱਚ ਰਹਿ ਰਹੇ ਸਨ।
ਸ੍ਰੀ ਸੋਹਲ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਸਥਾਨਕ ਫੇਜ਼ 3/5 ਦੀਆਂ ਲਾਈਟਾਂ ਨੇੜਿਓਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਇਕ ਦਿੱਲੀ ਨੰਬਰ ਕਾਰ ਵੀ ਬਰਾਮਦ ਕੋਈ ਹੈ ਜਿਸ ਵਿਚ 75 ਹਜ਼ਾਰ ਰੁਪਏ ਨਗ਼ਦੀ ਮਿਲੀ ਹੈ ਜਿਸ ਤੋਂ ਇਹ ਜਾਪ ਰਿਹਾ ਹੈ ਕਿ ਦੋਸ਼ੀ ਡਰੱਗ ਤਸਕਰੀ ਦਾ ਧੰਦਾ ਕਰ ਰਹੇ ਹਨ। ਮੁਲਜ਼ਮਾਂ ਵਿਰੁੱਧ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਦੋ ਕੁ ਮਹੀਨੇ ਪਹਿਲਾਂ ਵੀ ਇਸ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੌਰਾਨ ਇਨ੍ਹਾਂ ਕੋਲੋਂ 90 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹ ਥੋੜ੍ਹੇ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਰਿਹਾਅ ਹੋਏ ਸਨ। ਪੁਲੀਸ ਕਪਤਾਨ ਨੇ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਪਹਿਲਾਂ ਹੀ 6 ਮੁਕੱਦਮੇ ਦਰਜ ਹਨ।
ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਦੋਸ਼ੀਆਨ ਪਿਛਲੇ 6-7 ਸਾਲਾਂ ਤੋਂ ਨਸ਼ਾ ਤਸਕਰੀ ਦਾ ਧੰਦੇ ਕਰ ਰਿਹਾ ਹਨ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ, ਮੁਹਾਲੀ, ਖਰੜ, ਨਵਾਂ ਸ਼ਹਿਰ ਅਤੇ ਹਿਮਾਚਲ ਪ੍ਰਦੇਸ਼ ਅਤੇ ਲੁਧਿਆਣਾ ਵਿੱਚ ਥੋਕ ਦੇ ਗਾਹਕਾਂ ਨੂੰ ਮਾਲ ਸਪਲਾਈ ਕਰਦੇ ਹਨ। ਪੁਲੀਸ ਨੇ ਹੁਣ ਇਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਹੁਣ ਇਸ ਕਾਰਵਾਈ ਵਿਚ ਜੁੱਟੀ ਹੈ ਕਿ ਆਖਰ ਦਿੱਲੀ ਤੋਂ ਕਿਹੜਾ ਥੋਕ ਵਪਾਰੀ ਇਨ੍ਹਾਂ ਨੂੰ ਮਾਲ ਸਪਲਾਈ ਕਰਦਾ ਹੈ। ਸ੍ਰੀ ਸੋਹਲ ਨੇ ਦੱਸਿਆ ਕਿ ਪੁਲੀਸ ਕੜੀ ਦਰ ਕੜੀ ਇਸ ਕੇਸ ਵਿਚ ਅੱਗੇ ਵਧੇਗੀ। ਉਨ੍ਹਾਂ ਦੱਸਿਆ ਕਿ ਦੋਸ਼ੀ 1200 ਰੁਪਏ ਪ੍ਰਤੀ ਗ੍ਰਾਮ ਦਿੱਲੀ ਤੋਂ ਲਿਆ ਕੇ ਪੰਜਾਬ ਵਿੱਚ 3 ਹਜ਼ਾਰ ਰੁਪਏ ਤੋਂ ਲੈ ਕੇ 3500 ਰੁਪਏ ਪ੍ਰਤੀ ਗਰਾਮ ਵੇਚਦੇ ਸਨ।